ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਵਿੱਚ ਗਊਸ਼ਾਲਾ ਦੇ ਵਿਸਥਾਰ ਅਤੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਕਰੋਨਾ ਮਹਾਮਾਰੀ ਸੰਕਟ ਦੇ ਬਾਵਜੂਦ ਮੁਹਾਲੀ ਹਲਕੇ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਨੂੰ ਮਿਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਊਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਗਊਸ਼ਾਲਾ ਦੇ ਵਿਸਥਾਰ ਅਤੇ ਨਵੀਨੀਕਰਨ ’ਤੇ 30 ਲੱਖ ਰੁਪਏ ਖ਼ਰਚੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਮਟੌਰ ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਕਾਰਨ ਦੋ ਧਿਰਾਂ ਵਿਚਾਲੇ ਝਗੜਾ ਹੋ ਜਾਣ ਕਾਰਨ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਸੀ ਅਤੇ ਸਿਹਤ ਮੰਤਰੀ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਫੇਜ਼-3ਏ, ਫੇਜ਼-3ਬੀ1 ਟੀ-ਪੁਆਇੰਟ ’ਤੇ 30 ਲੱਖ ਦੀ ਲਾਗਤ ਨਾਲ ਟਰੈਫ਼ਿਕ ਲਾਈਟਾਂ ਲਾਈਆਂ ਜਾਣਗੀਆਂ। ਇੰਜ ਹੀ ਪਿੰਡ ਕੁੰਭੜਾ ਦੀ ਫਿਰਨੀ ਅਤੇ ਵੱਖ-ਵੱਖ ਗਲੀਆਂ ਵਿੱਚ ਪੇਵਰ ਬਲਾਕ ਲਗਾਏ ਜਾਣਗੇ। ਫੇਜ਼-10 ਤੇ ਫੇਜ਼-11 ਵਿੱਚ ਪੇਵਰ ਬਲਾਕ ਲਗਾਉਣ ਅਤੇ ਘਰਾਂ ਦੇ ਨੇੜੇ ਗਰਿੱਲਾਂ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਿਗਮ ਕਮਿਸ਼ਨਰ ਕਮਲ ਗਰਗ, ਐੱਸਈ ਮੁਕੇਸ਼ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਤੇ ਅਮਰੀਕ ਸਿੰਘ ਸੋਮਲ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਵਕੀਲ ਨਰਪਿੰਦਰ ਸਿੰਘ ਰੰਗੀ, ਨਰੇਸ਼ ਧੀਮਾਨ, ਕਮਲਪ੍ਰੀਤ ਬਨੀ, ਰਾਜੇਸ਼ ਲਖੋਤਰਾ, ਜੰਗ ਬਹਾਦਰ ਸਿੰਘ ਕੁੰਭੜਾ, ਠੇਕੇਦਾਰ ਗੁਰਮੇਲ ਸਿੰਘ, ਪ੍ਰਕਾਸ਼ ਸ਼ਰਮਾ, ਗੁਰਮੀਤ ਸਿੰਘ ਬੈਦਵਾਨ, ਸਤੀਸ਼ ਸੈਣੀ ਐਕਸੀਅਨ, ਹਰਪ੍ਰੀਤ ਸਿੰਘ ਐਕਸੀਅਨ, ਰਾਜਵੀਰ ਸਿੰਘ ਐਕਸੀਅਨ, ਅਵਨੀਤ ਕੌਰ ਐਕਸੀਅਨ, ਸੁਨੀਲ ਸ਼ਰਮਾ ਐੱਸਡੀਓ, ਨੀਲਮ ਰਾਣੀ ਐੱਸਡੀਓ, ਸੁਖਵਿੰਦਰ ਸਿੰਘ ਐੱਸਡੀਓ, ਧਰਮਿੰਦਰ ਸਿੰਘ ਜੇਈ ਮੌਜੂਦ ਸਨ।