ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਸਤੰਬਰ
ਕੇਂਦਰ ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 21 ਸਤੰਬਰ ਤੋਂ ਖੋਲ੍ਹਣ ਦਾ ਫੈ਼ਸਲਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀ ਸਿਰਫ ਆਪਣੇ ਸ਼ੰਕੇ ਦੂਰ ਕਰਨ ਲਈ ਹੀ ਸਕੂਲ ਆਉਣਗੇ। ਇਸ ਲਈ ਯੂਟੀ ਦੇ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਮੰਗੀ ਹੈ, ਜਿਸ ਵਿਚ ਸਾਹਮਣੇ ਆਇਆ ਹੈ ਕਿ ਮੋਹਰੀ ਪ੍ਰਾਈਵੇਟ ਸਕੂਲਾਂ ਦੇ 70 ਫੀਸਦ ਮਾਪਿਆਂ ਨੇ ਕਰੋਨਾ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈ਼ਸਲਾ ਕੀਤਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਸਕੂਲ ਭੇਜਣਾ ਵਿਦਿਆਰਥੀਆਂ ਤੇ ਪਰਿਵਾਰ ਦੇ ਹਿੱਤ ਵਿਚ ਨਹੀਂ ਹੈ। ਇਹ ਖੁਲਾਸਾ ਪੰਜਾਬੀ ਟ੍ਰਿਬਿਊਨ ਵਲੋਂ ਸ਼ਹਿਰ ਦੇ ਮੋਹਰੀ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਗੱਲਬਾਤ ਤੇ ਵਿਭਾਗ ਦੇ ਰਿਕਾਰਡ ਤੋਂ ਹੋਇਆ ਹੈ। ਚੰਡੀਗੜ੍ਹ ਵਿਚ ਸੀਨੀਅਰ ਜਮਾਤਾਂ ਲਈ 150 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਸਕੂਲ ਹਨ। ਸੈਕਰਡ ਹਾਰਟ ਸਕੂਲ ਸੈਕਟਰ-26 ਦੇ ਵੱਡੀ ਗਿਣਤੀ ਮਾਪਿਆਂ ਵੱਲੋਂ ਆਪਣੇ ਬੱਚੇ ਸਕੂਲ ਨਹੀਂ ਭੇਜੇ ਜਾਣਗੇ। ਵਿਵੇਕ ਹਾਈ ਸਕੂਲ ਸੈਕਟਰ-38 ਦੇ ਚੇਅਰਮੈਨ ਐਚ ਐਸ ਮਾਮਿਕ ਨੇ ਦੱਸਿਆ ਕਿ ਸਿਰਫ 10 ਫੀਸਦ ਮਾਪਿਆਂ ਨੇ ਹੀ ਬੱਚਿਆਂ ਦੇ ਸ਼ੰਕੇ ਦੂਰ ਕਰਨ ਲਈ ਸਹਿਮਤੀ ਜਤਾਈ ਹੈ। ਸਕੂਲ ਦੀ ਪ੍ਰਿੰਸੀਪਲ ਰੇਣੂ ਪੁਰੀ ਨੇ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਖੁੱਲ੍ਹੇ ਵਿਚ ਬਿਠਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਸਕੂਲਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਹਰ ਵਿਦਿਆਰਥੀ ਦਾ ਤਾਪਮਾਨ ਤੇ ਆਕਸੀਜਨ ਦਾ ਪੱਧਰ ਜਾਂਚਿਆ ਜਾਵੇਗਾ। ਸਿਰਫ ਸੇਂਟ ਜੋਹਨਜ਼ ਸਕੂਲ ਸੈਕਟਰ-26 ਦੇ 40 ਫੀਸਦ ਮਾਪੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ।
ਭਵਨ ਵਿਦਿਆਲਿਆ 21 ਦੀ ਥਾਂ 8 ਅਕਤੂਬਰ ਨੂੰ ਸਕੂਲ ਖੋਲ੍ਹੇਗਾ
ਇਥੋਂ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ-27 ਵਲੋਂ 21 ਸਤੰਬਰ ਤੋਂ ਸਕੂਲ ਖੋਲ੍ਹੇ ਨਹੀਂ ਜਾ ਰਹੇ। ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਮਿਡ ਟਰਮ ਅਗਜ਼ਾਮ 22 ਸਤੰਬਰ ਤੋਂ ਹੋ ਰਹੇ ਹਨ। ਇਸ ਤੋਂ ਇਲਾਵਾ ਕੰਪਾਰਟਮੈਂਟ ਦੀ ਪ੍ਰੀਖਿਆ 21 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ 8 ਅਕਤੂਬਰ ਤਕ ਚੱਲੇਗੀ। ਸਕੂਲ ਦੀ ਪ੍ਰਿੰਸੀਪਲ ਵਨੀਤਾ ਅਰੋੜਾ ਨੇ ਦੱਸਿਆ ਕਿ ਹਾਲੇ ਜ਼ਿਆਦਾਤਰ ਵਿਦਿਆਰਥੀਆਂ ਦੇ ਮਾਪਿਆਂ ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਤੋਂ ਨਾਂਹ ਕੀਤੀ ਹੈ।
ਸਰਕਾਰੀ ਸਕੂਲਾਂ ਨੂੰ ਮਿਲਿਆ ਹਾਂ ਪੱਖੀ ਹੁੰਗਾਰਾ
ਸਕੱਤਰੇਤ ਦੇ ਰਿਕਾਰਡ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਕਈ ਸਰਕਾਰੀ ਸਕੂਲਾਂ ਦੇ 30 ਫੀਸਦ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ, ਪਰ ਕਈ ਸਰਕਾਰੀ ਸਕੂਲਾਂ ਦੇ 50 ਤੋਂ 70 ਫੀਸਦ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ’ਤੇ ਸਹਿਮਤੀ ਜਤਾਈ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੈਕਟਰ-8,10, 32 ਤੇ ਹੋਰ ਸਕੂਲਾਂ ਦੇ ਵੱਡੀ ਗਿਣਤੀ ਮਾਪੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ।