ਚਰਨਜੀਤ ਭੁੱਲਰ
ਚੰਡੀਗੜ੍ਹ, 27 ਸਤੰਬਰ
ਕੇਂਦਰ ਸਰਕਾਰ ਨੇ ਪੰਜਾਬ ’ਚ ਨਰਮੇ ਦੀ ਅਗੇਤੀ ਖਰੀਦ ਤੋਂ ਕਿਨਾਰਾ ਕਰ ਲਿਆ ਹੈ ਜਿਸ ਕਰਕੇ ਨਰਮਾ ਉਤਪਾਦਕ ਕਾਫ਼ੀ ਔਖ ਵਿਚ ਹਨ। ਕੇਂਦਰ ਨੇ ਝੋਨੇ ਦੀ ਤਾਂ ਪੰਜ ਦਿਨ ਅਗੇਤੀ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਪ੍ਰੰਤੂ ਨਰਮੇ ਦੀ ਖਰੀਦ ਬਾਰੇ ਕੇਂਦਰ ਨੇ ਚੁੱਪ ਵੱਟ ਲਈ ਹੈ। ਭਾਰਤੀ ਖੁਰਾਕ ਨਿਗਮ ਕੋਲ ਹਾਲੇ ਤੱਕ ਅਗੇਤੀ ਖਰੀਦ ਦੇ ਕੋਈ ਕੇਂਦਰੀ ਹੁਕਮ ਨਹੀਂ ਪੁੱਜੇ ਹਨ।
ਪੰਜਾਬ ਵਿਚ ਨਰਮੇ ਦੀ ਫਸਲ ਐਤਕੀਂ ਕਾਫ਼ੀ ਚੰਗੀ ਦੱਸੀ ਜਾ ਰਹੀ ਹੈ ਅਤੇ ਨਰਮੇ ਦੀ ਪੈਦਾਵਾਰ ਵਿਚ ਵਾਧਾ ਹੋਣ ਦਾ ਸਮਾਚਾਰ ਹੈ। ਨਰਮੇ ਦੀ ਪੰਜਾਬ ਵਿੱਚ ਸਰਕਾਰੀ ਖਰੀਦ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਵੇਗੀ। ਪੰਜਾਬ ਵਿਚ 13 ਸਤੰਬਰ ਤੋਂ ਨਰਮੇ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ 18,884 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ। ਸਰਕਾਰੀ ਖਰੀਦ ਨਾ ਹੋਣ ਕਰਕੇ ਕਿਸਾਨ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ 8899 ਕੁਇੰਟਲ ਨਰਮਾ ਅਤੇ ਫਾਜ਼ਿਲਕਾ ਵਿੱਚ 3862 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਕਾਫੀ ਨੀਵਾਂ ਵਿਕ ਚੁੱਕਾ ਹੈ। ਮੰਡੀਆਂ ਵਿੱਚ ਕੇਂਦਰ ਵਪਾਰੀ ਹੀ ਨਰਮਾ ਖਰੀਦ ਕਰ ਰਹੇ ਹਨ।
ਪੰਜਾਬ ਵਿੱਚ 21 ਕਪਾਹ ਮੰਡੀਆਂ ਹਨ, ਜਿਨ੍ਹਾਂ ’ਚੋਂ ਕਈ ਮੰਡੀਆਂ ਵਿਚ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ। ਐਤਕੀਂ ਨਰਮੇ ਦਾ ਸਰਕਾਰੀ ਭਾਅ 5725 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ ਪ੍ਰੰਤੂ ਕਿਸਾਨ ਇਸ ਭਾਅ ਤੋਂ ਘੱਟ ਕੀਮਤ ’ਤੇ ਫਸਲ ਵੇਚ ਰਹੇ ਹਨ। ਬੀਕੇਯੂ (ਉਗਰਾਹਾਂ) ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਨੇ ਖੇਤੀ ਕਾਨੂੰਨ ਬਣਾ ਦਿੱਤੇ ਹਨ ਅਤੇ ਇਸੇ ਦੌਰਾਨ ਹਜ਼ਾਰਾਂ ਕੁਇੰਟਲ ਨਰਮਾ ਘੱਟ ਭਾਅ ’ਤੇ ਵਿਕ ਚੁੱਕਾ ਹੈ।
ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ ਤਾਂ ਸਤੰਬਰ ਮਹੀਨੇ ਵਿੱਚ ਰੋਜ਼ਾਨਾ ਇੱਕ ਹਜ਼ਾਰ ਤੋਂ ਦੋ ਹਜ਼ਾਰ ਗੱਠਾਂ ਦੀ ਆਮਦ ਰਹੀ ਹੈ ਪਰ ਇਸ ਵਾਰ ਆਮਦ ਥੋੜ੍ਹੀ ਘੱਟ ਹੈ। ਭਾਰਤੀ ਕਪਾਹ ਨਿਗਮ ਖਰੀਦ ਕੇਂਦਰਾਂ ’ਚੋਂ ਗੈਰ-ਹਾਜ਼ਰ ਹੈ ਅਤੇ ਕਪਾਹ ਨਿਗਮ ਨੇ ਪਿਛਲੇ ਵਰੇ੍ਹ ਪੰਜਾਬ ’ਚੋਂ 3.55 ਲੱਖ ਗੱਠਾਂ ਦੀ ਖਰੀਦ ਕੀਤੀ ਸੀ। ਉਸ ਤੋਂ ਪਹਿਲਾਂ ਕਪਾਹ ਨਿਗਮ ਨੇ 2014-15 ਵਿੱਚ ਨਰਮਾ ਖ਼ਰੀਦਿਆ ਸੀ। ਕਈ ਵਰ੍ਹਿਆਂ ਮਗਰੋਂ ਕਪਾਹ ਨਿਗਮ ਕਿਸਾਨਾਂ ਦੇ ਦਬਾਅ ਮਗਰੋਂ ਲੰਘੇ ਵਰ੍ਹੇ ਖਰੀਦ ਦੇ ਪਿੜ ਵਿੱਚ ਆਇਆ ਸੀ।
ਭਾਰਤੀ ਕਪਾਹ ਨਿਗਮ ਵੱਲੋਂ ਹੁਣ ਕਿਸਾਨਾਂ ਤੋਂ ਨਰਮੇ ਕਪਾਹ ਦੀ ਸਿੱਧੀ ਖਰੀਦ ਕੀਤੀ ਜਾਂਦੀ ਹੈ। ਕਪਾਹ ਨਿਗਮ ਨੇ ਐਤਕੀਂ 8 ਲੱਖ ਗੱਠਾਂ ਦੀ ਸਰਕਾਰੀ ਖਰੀਦ ਕਰਨ ਦਾ ਟੀਚਾ ਮਿਥਿਆ ਹੈ। ਕਪਾਹ ਨਿਗਮ ਨੇ ਪਿਛਲੇ ਵਰ੍ਹੇ ਹਰਿਆਣਾ ’ਚੋਂ 6.50 ਲੱਖ ਗੱਠਾਂ ਦੀ ਖਰੀਦ ਕੀਤੀ ਸੀ। ਹਰਿਆਣਾ ਵਿਚ 25 ਲੱਖ ਗੱਠਾਂ ਦੇ ਕਰੀਬ ਫ਼ਸਲ ਦੀ ਪੈਦਾਵਾਰ ਹੋਈ ਸੀ। ਪਿੰਡ ਕੋਟਗੁਰੂ ਦੇ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿਚ ਹਾਜ਼ਰ ਹੋਵੇ ਤਾਂ ਵਪਾਰੀਆਂ ਦੀ ਲੁੱਟ ਘੱਟ ਜਾਂਦੀ ਹੈ। ਉਨ੍ਹਾਂ ਆਖਿਆ ਕਿ ਅਗਰ ਝੋਨੇ ਦੀ ਸਰਕਾਰੀ ਖਰੀਦ 26 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਤਾਂ ਨਰਮੇ ਦੀ ਖਰੀਦ ਬਾਰੇ ਕੇਂਦਰ ਸਰਕਾਰ ਨੇ ਫੈਸਲਾ ਕਿਉਂ ਨਹੀਂ ਲਿਆ ਹੈ। ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਉੱਤਮ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਵਿਤਕਰੇ ਦਾ ਰਾਹ ਤਿਆਗੇ ਅਤੇ ਫੌਰੀ ਕਪਾਹ ਮੰਡੀਆਂ ’ਚੋਂ ਨਰਮੇ ਦੀ ਖਰੀਦ ਸ਼ੁਰੂ ਕਰੇ।
ਬੀਕੇਯੂ ਦੇ ਆਗੂ ਹਰਜਿੰਦਰ ਸਿੰਘ ਬੱਗੀ ਦਾ ਕਹਿਣਾ ਸੀ ਕਿ ਕੇਂਦਰ ਦੀ ਇਸੇ ਲੁੱਟ ਅਤੇ ਨੀਤੀ ਖ਼ਿਲਾਫ਼ ਤਾਂ ਕਿਸਾਨ ਧਿਰਾਂ ਅੱਜ ਮੈਦਾਨ ਵਿਚ ਹਨ। ਉਨ੍ਹਾਂ ਆਖਿਆ ਕਿ ਕੇਂਦਰ ਪੈਰ ਪੈਰ ’ਤੇ ਕਿਸਾਨੀ ਨੂੰ ਢਾਹ ਲਾ ਰਿਹਾ ਹੈ ਜਿਸ ਕਰਕੇ ਕਿਸਾਨੀ ਦੀ ਲੁੱਟ ਜਾਰੀ ਹੈ।
ਗਿੱਲਾ ਨਰਮਾ ਆ ਰਿਹਾ ਹੈ: ਨਿਗਮ
ਭਾਰਤੀ ਕਪਾਹ ਨਿਗਮ ਬਠਿੰਡਾ ਦੇ ਰਿਜਨਲ ਮੈਨੇਜਰ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਅਗੇਤੀ ਖਰੀਦ ਬਾਰੇ ਕੋਈ ਹਦਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜੋ ਨਰਮਾ ਹੁਣ ਮੰਡੀਆਂ ਵਿੱਚ ਆ ਰਿਹਾ ਹੈ, ਉਸ ਵਿਚ ਨਮੀ ਦੀ ਮਾਤਰਾ 22 ਤੋਂ 25 ਫੀਸਦੀ ਤੱਕ ਹੈ ਜਦੋਂ ਕਿ ਹਦਾਇਤਾਂ ਮੁਤਾਬਿਕ ਨਰਮੇ ਦੀ ਮਾਤਰਾ 8 ਤੋਂ 12 ਫੀਸਦੀ ਦਰਮਿਆਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਨਰਮਾ ਨਾ ਲਿਆਉਣ। ਫਸਲ ਵੇਚਣ ਵੇਲੇ ਬੈਂਕ ਪਾਸ ਬੁੱਕ,ਅਧਾਰ ਕਾਰਡ ਦੀ ਕਾਪੀ ਵੀ ਨਾ ਲੈ ਕੇ ਆਉਣ।