ਟੀਵੀ ਦੀਆਂ ਤਰਕਹੀਣ ਬਹਿਸਾਂ
18 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਡਾ. ਸੁਖਦੇਵ ਸਿੰਘ ਦਾ ਲੇਖ ‘ਟੈਲੀਵਿਜ਼ਨ ਬਹਿਸਾਂ: ਤਰਕ ਤੋਂ ਕੋਹਾਂ ਦੂਰ’ ਬਿਲਕੁਲ ਮੌਜੂਦਾ ਸਮੇਂ ਦੀ ਹਕੀਕਤ ਹੈ। ਟੀਵੀ ਐਂਕਰ ਜਿਸ ਵੀ ਵਿਸ਼ੇ ’ਤੇ ਬਹਿਸ ਚਲਾਉਂਦੇ ਹਨ, ਉਹ ਵਿਸ਼ੇ ਦੀ ਸਮੱਸਿਆ ਦੇ ਹੱਲ ਨੂੰ ਆਪਣੇ ਹੀ ਨਜ਼ਰੀਏ ਅਨੁਸਾਰ ਪੇਸ਼ ਕਰਨ ਦੀ ਰੱਟ ਲਗਾਈ ਰੱਖਦੇ ਹਨ। ਕਈ ਵਾਰ ਤਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੁਲਾਰੇ ਇਕ ਦੂਜੇ ਤੇ ਬੇਤੁੱਕੀ ਦੂਸ਼ਣਬਾਜ਼ੀ ਤਕ ਹੀ ਸੀਮਤ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਪਾਰਟੀਆਂ ਨਾਲ ਸਬੰਧਿਤ ਆਮ ਲੋਕਾਂ ਦੇ ਮਨਾਂ ਵਿਚ ਵੀ ਬੇਲੋੜੀ ਕੁੜੱਤਣ ਪੈਦਾ ਹੁੰਦੀ ਹੈ। ਇਨ੍ਹਾਂ ਵਿਚ ਕਈ ਤਾਂ ਅੰਧਵਿਸ਼ਵਾਸੀ ਬਿਰਤੀ ਨਾਲ ਜੁੜੀਆਂ ਗੱਲਾਂ ਦੇ ਵਿਖਿਆਨ ਰਾਹੀਂ ਵਿਗਿਆਨ ਨੂੰ ਭੰਡਣ ਦੀ ਡਿਊਟੀ ਹੀ ਨਿਭਾਉਂਦੇ ਹਨ।
ਜਸਵੰਤ ਜੀਰਖ, ਲੁਧਿਆਣਾ
(2)
ਡਾ. ਸੁਖਦੇਵ ਸਿੰਘ ਨੇ ਟੈਲੀਵਿਜ਼ਨ ਐਂਕਰਾਂ ਦੀ ਸਹੀ ਸਥਿਤੀ ਪੇਸ਼ ਕੀਤੀ ਹੈ। ਉਨ੍ਹਾਂ ਸਹੀ ਕਿਹਾ ਕਿ ਤੇਜ਼ ਧਾਰ ਚਾਕੂ ਡਾਕਟਰ ਦੇ ਹੱਥ ਔਸ਼ਧੀ ਹੈ ਅਤੇ ਬਦਮਾਸ਼ ਦੇ ਹੱਥ ਵਿਨਾਸ਼ਕਾਰੀ। ਇਹੀ ਹਾਲ ਐਂਕਰਾਂ ਦਾ ਹੈ। ਉਹ ਗੰਭੀਰ ਪੱਤਰਕਾਰੀ ਭੁੱਲ ਗਏ ਅਤੇ ਘਾਹ ਦੇ ਸੁੱਕੇ ਤਿਨਕੇ ਬਣ ਕੇ ਰਹਿ ਗਏ ਜਿਸ ਨੂੰ ਹਵਾ ਜਿੱਧਰ ਚਾਹੇ ਉਡਾ ਕੇ ਲੈ ਜਾਏ।
ਸੁਰਿੰਦਰ ਪਾਲ, ਚੰਡੀਗੜ੍ਹ
ਅਕਾਲੀ ਦਲ ਦਾ ਢਕਵੰਜ
ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਲੋਕਪੱਖੀ ਹੋਣ ਦਾ ਢਕਵੰਜ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਬਾਦਲ ਦਲੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਗ਼ਲ ਵਜਾ ਦਿੱਤਾ ਹੈ। 2007 ਤੋਂ 2017 ਤਕ ਦੀ ਘਟੀਆ ਕਾਰਗੁਜ਼ਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿਚੋਂ ਵਜੂਦ ਗੁਆ ਚੁੱਕਾ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਵਿਚ ਹੈ।
ਕਮਲਜੀਤ ਸਿੰਘ ਬੁਜਰਗ, ਲੁਧਿਆਣਾ
(2)
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਐਨਡੀਏ ਸਰਕਾਰ ਤੋਂ ਅਸਤੀਫ਼ਾ ਦੇ ਕੇ ਡਰਾਮੇਬਾਜ਼ੀ ਕੀਤੀ ਗਈ ਜਿਸ ਦਾ ਸੂਝਵਾਨ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ। ਪਰ ਵਜ਼ੀਰੀ ਤੋਂ ਅਸਤੀਫ਼ਾ ਕਿਸਾਨੀ ਦੇ ਘੋਲ ਦੀ ਵੱਡੀ ਜਿੱਤ ਹੈ।
ਪਵਨ ਕੁਮਾਰ ਸੋਗਲਪੁਰ (ਪਟਿਆਲਾ)
ਸਮਰਥਨ ਮੁੱਲ ਦਾ ਕੱਚ-ਸੱਚ
18 ਸਤੰਬਰ ਦੀ ਸੰਪਾਦਕੀ ‘ਸਮਰਥਨ ਮੁੱਲ ਦਾ ਕੱਚ-ਸੱਚ’ ਵਿਚ ਖੇਤੀਬਾੜੀ ਮੰਤਰੀ ਦੇ ਬਿਆਨ ਕਿ ‘ਸਮਰਥਨ ਮੁੱਲ ਜਾਰੀ ਰਹੇਗਾ’ ਦਾ ਬੜੀ ਬੇਬਾਕੀ ਨਾਲ ਪਾਜ ਉਘੇੜਿਆ ਹੈ। ਮੱਕੀ ਦੇ ਸਮਰਥਨ ਮੁੱਲ ਤੋਂ ਹੀ ਭਾਜਪਾ ਨਹੀਂ ਭੱਜੀ, ਇਸ ਤੋਂ ਪਹਿਲਾਂ ਭਾਜਪਾ ਨੇ ਜਦੋਂ ਦਾਲਾਂ 200 ਰੁਪਏ ਕਿਲੋ ਵਿਕਣ ਲੱਗ ਪਈਆਂ ਤਾਂ ਕਿਸਾਨਾਂ ਨੂੰ ਦਾਲਾਂ ਬੀਜਣ ਲਈ 5500 ਰੁਪਏ ਸਮਰਥਨ ਮੁੱਲ ਦਾ ਵਾਅਦਾ ਕੀਤਾ, ਜੋ ਵਫ਼ਾ ਨਾ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੁਣ ਸ਼ਾਮਲਾਟ ਜਮੀਨਾਂ ਖੋਹਣ ਦਾ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਸ਼ਰਨਜੀਤ ਦਾ ਚਲਾਣਾ
18 ਸਤੰਬਰ ਨੂੰ ਗੁਰਬਚਨ ਸਿੰਘ ਭੁੱਲਰ ਦਾ ਮਿਡਲ ‘ਸ਼ਰਨਜੀਤ, ਕਦੀ ਕੋਈ ਇਉਂ ਚੋਰੀ ਛਿਪੇ ਵੀ ਜਾਂਦਾ ਹੈ!’ ਪੜ੍ਹਿਆ। ਦਿਲ ਨੂੰ ਧੱਕਾ ਲੱਗਾ। ਅਣਹੋਣੀ ਅੱਗੇ ਸਭ ਮਜਬੂਰ ਹੋ ਜਾਂਦੇ ਹਨ। ਲੇਖਕਾ ਸ਼ਰਨਜੀਤ ਆਪਣੀਆਂ ਸਾਹਿਤ ਰਚਨਾਵਾਂ ਨਾਲ ਸਦਾ ਲਈ ਅਮਰ ਹੈ।
ਅਨਿਲ ਕੌਸ਼ਿਕ, ਪਿੰਡ ਕਿਉੜਕ, ਕੈਥਲ (ਹਰਿਆਣਾ)
(2)
ਲੇਖਕਾ ਸ਼ਰਨਜੀਤ ਕੌਰ ਦੀ ਬੇਵਕਤੀ ਮੌਤ ਵਾਲੀ ਰਚਨਾ ਪੜ੍ਹ ਕੇ ਮਨ ਨੂੰ ਬੜਾ ਝਟਕਾ ਜਿਹਾ ਲੱਗਿਆ। ਮੌਤ ਸ਼ਰਨਜੀਤ ਨੂੰ ਸੁੱਤੇਸਿੱਧ ਅਚਾਨਕ ਹੀ ਲੈ ਗਈ। ਸ਼ਰਨਜੀਤ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਅਮਰਜੀਤ ਸਿੰਘ ਮੱਟੂ ਭਰੂਰ, (ਸੰਗਰੂਰ)
ਸਤਲੁਜ ਦਰਿਆ
16 ਸਤੰਬਰ ਦੇ ਵਿਰਾਸਤ ਅੰਕ ਵਿਚ ਬਲਵਿੰਦਰ ਸਿੰਘ ਸਿਪਰੇ ਨੇ ਸਤਲੁਜ ਦਰਿਆ ਬਾਰੇ ਵਧੀਆ ਜਾਣਕਾਰੀ ਦਿੱਤੀ ਹੈ। ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਦਰਿਆ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਦੇ ਲੋਕਾਂ ਤੇ ਖੇਤਾਂ ਦੀ ਪਿਆਸ ਬੁਝਾਉਂਦੇ ਹਨ। ਆਉਂ ਹੰਭਲਾ ਮਾਰੀਏ ਕਿ ਅਸੀਂ ਕੁਦਰਤ ਦੇ ਇਸ ਲਾਸਾਨੀ ਤੋਹਫ਼ੇ ਭਾਵ ਪੰਜਾਬ ਦੇ ਸਾਰੇ ਦਰਿਆਵਾਂ ਦੀ ਸੰਭਾਲ ਕਰੀਏ।
ਸੰਜੀਵ ਸਿੰਘ ਸੈਣੀ, ਮੁਹਾਲੀ
(2)
ਸਤਲੁਜ ਬਾਰੇ ਲੇਖ ਪੜ੍ਹ ਕੇ ਆਮ ਗਿਆਨ ’ਚ ਭਾਰੀ ਵਾਧਾ ਹੋਇਆ। ਲੇਖ ਧੁਰ ਤੋਂ ਅੰਤ ਤਕ ਦਰਿਆ ਨਾਲੋਂ ਟੁੱਟੇ ਮਨੁੱਖੀ ਮਨ ਦੇ ਮੋਹ ਦੀ ਗੱਲ ਕਰਦਾ ਹੈ। ਇਸ ਨਾਲ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਦੁਆਰਾ ਲਿਖੇ ਗੀਤ ਦੀਆਂ ਸੱਤਰਾਂ ਜ਼ਿਹਨ ’ਚ ਆ ਗਈਆਂ, ‘‘ਵਗ ਵਗ ਸਤਲੁਜ ਸਾਡੇ ਆ, ਤੇਰੇ ਕੰਢੇ ਸਾਡੀ ਰੂਹ…’। ਮਰਜਾਰਾ ਸਤਲੁਜ ਬਾਰੇ ਸੋਹਣਾ ਲਿਖਿਆ ਹੈ, ਪਰ ਇਹ ਸੱਚ ਹੈ ਕਿ ਪੰਜਾਬੀਆਂ ਨੇ ਆਪਣੇ ਦਰਿਆਵਾਂ ਨੂੰ ਬਣਦਾ ਮਾਣ ਨਹੀਂ ਦਿੱਤਾ।
ਸਨੇਹਇੰਦਰ ਮੀਲੂ, ਫਰੌਰ
ਨਵੀਂ ਵਿਦਿਅਕ ਨੀਤੀ ਦੀਆਂ ਖ਼ਾਮੀਆਂ
17 ਸਤੰਬਰ ਦੇ ਜਵਾਂ ਤਰੰਗ ਪੰਨੇ ’ਤੇ ਹਰਪ੍ਰੀਤ ਕੌਰ ਦੁੱਗਰੀ ਦਾ ਵਿਦਿਅਕ ਪ੍ਰਣਾਲੀ ਬਾਰੇ ਲੇਖ ਕਾਬਲੇਤਾਰੀਫ਼ ਸੀ। ਉਸ ਨੇ ਪੁਰਾਤਨ ਸਮੇਂ ਤੋਂ ਹੁਣ ਦੀ ਨਵੀਂ ਵਿਦਿਅਕ ਨੀਤੀ ਬਾਰੇ ਭਰਪੂਰ ਰੌਸ਼ਨੀ ਪਾਈ। ਪਿੱਛੇ ਜਿਵੇਂ ਕਿ ਸ਼ੂਦਰਾਂ, ਹੋਰ ਕਥਿਤ ਨੀਵੀਆਂ ਜਾਤਾਂ ਤੇ ਔਰਤਾਂ ਨੂੰ ਵੀ ਪੜ੍ਹਨ ਦਾ ਹੱਕ ਨਹੀਂ ਸੀ ਪਰ ਹੌਲੀ ਹੌਲੀ ਸਭ ਨੂੰ ਵਿੱਦਿਆ ਦੇ ਮੌਕੇ ਮਿਲਣ ਲੱਗੇ। ਹੁਣ ਜੋ ਨਵੀਂ ਵਿੱਦਿਅਕ ਨੀਤੀ ਆਈ ਹੈ, ਉਸ ਵਿਚ ਬਹੁਤ ਖ਼ਾਮੀਆਂ ਨਜ਼ਰ ਆ ਰਹੀਆਂ ਹਨ। ਲੇਖਕਾ ਨੇ ਇਸ ਬਾਰੇ ਵਿਸਥਾਰ ਸਹਿਤ ਲਿਖਿਆ ਹੈ।
ਜਸਬੀਰ ਕੌਰ, ਅੰਮ੍ਰਿਤਸਰ