ਮੁੰਬਈ: ਯਸ਼ ਰਾਜ ਫਿਲਮਜ਼ (ਵਾਈਆਰਐੱਫ) ਦੇ ਫ਼ਿਲਮ ਇੰਡਸਟਰੀ ਵਿੱਚ 50 ਸਾਲ ਪੂਰੇ ਕਰ ਲਏ ਹਨ। ਵਾਈਆਰਐੱਫ ਸਟੂਡੀਓ ਦੀ ਸਥਾਪਨਾ ਆਦਿੱਤਿਆ ਦੇ ਪਿਤਾ ਤੇ ਮਰਹੂਮ ਫ਼ਿਲਸਮਾਜ਼ ਤੇ ਨਿਰਮਾਤਾ ਯਸ਼ ਚੋਪੜਾ ਨੇ 1970 ਵਿੱਚ ਕੀਤੀ ਸੀ। ਪ੍ਰੋਡਕਸ਼ਨ ਕੰਪਨੀ ਦਾ ਪੰਜ ਦਹਾਕਿਆਂ ਲੰਮਾ ਸਫ਼ਰ ਪੂਰਾ ਹੋਣ ਮੌਕੇ ਆਦਿੱਤਿਆ ਚੋਪੜਾ ਨੇ ਕਿਹਾ ਕਿ ਸਟੂਡੀਓ ਨੂੰ ਲਗਾਤਾਰ ਮਿਲਦੀ ਰਹੀ ਸਫ਼ਲਤਾ ਦਾ ਸਿਹਰਾ ਉਨ੍ਹਾਂ ਅਦਾਕਾਰਾਂ, ਫ਼ਿਲਮਸਾਜ਼ਾਂ, ਲੇਖਕਾਂ, ਕੋਰੀਓਗ੍ਰਾਫ਼ਰਾਂ, ਕ੍ਰਿਊ ਮੈਂਬਰਾਂ ਤੇ ਦਰਸ਼ਕਾਂ ਸਿਰ ਬੱਝਦਾ ਹੈ, ਜੋ ਇਸ ਸਫ਼ਰ ਦਾ ਹਿੱਸਾ ਰਹੇ ਹਨ। ਵਾਈਆਰਐੱਫ ਦੀ ਪਹਿਲੀ ਫ਼ਿਲਮ 1973 ’ਚ ਰਾਜੇਸ਼ ਖੰਨਾ, ਸ਼ਰਮੀਲਾ ਟੈਗੋਰ ਤੇ ਰਾਖੀ ਗੁਲਜ਼ਾਰ ਦੀ ਮੁੱਖ ਭੂਮਿਕਾ ਵਾਲੀ ‘ਦਾਗ਼: ਦਿ ਪੋਇਮ ਆਫ਼ ਲਵ’ ਸੀ। ਯਸ਼ ਚੋਪੜਾ ਇਸ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਸਨ। ਨਿਰਮਾਤਾ ਵਜੋਂ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਇਸੇ ਸਾਲ ਯਸ਼ ਰਾਜ ਬੈਨਰ ਨੇ ਅਮਿਤਾਭ ਬੱਚਨ ਦੀ ਮੁੱਖ ਭੂਮਿਕਾ ਵਾਲੀਆਂ ਫਿਲਮਾਂ ‘ਕਭੀ ਕਭੀ’ ਤੇ ‘ਕਾਲਾ ਪੱਥਰ’ ਰਿਲੀਜ਼ ਕੀਤੀਆਂ। 1980 ਵਿੱਚ ਸ੍ਰੀਦੇਵੀ ਤੇ ਰਿਸ਼ੀ ਕਪੂਰ ਸਟਾਰਰ ‘ਚਾਂਦਨੀ’ ਯਸ਼ ਰਾਜ ਫ਼ਿਲਮਜ਼ ਦੀ ਸਭ ਤੋਂ ਵੱਡੀ ਸਫ਼ਲ ਫ਼ਿਲਮ ਸੀ। ਮਗਰੋਂ ਬੈਨਰ ਨੇ ‘ਡਰ’ ਤੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀਆਂ ਸਫ਼ਲ ਫ਼ਿਲਮਾਂ ਦਿੱਤੀਆਂ। ‘ਦਿਲਵਾਲੇ…..’ ਆਦਿੱਤਿਆ ਚੋਪੜਾ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਸੀ ਤੇ ਇਸ ਨੇ ਫ਼ਿਲਮ ਇੰਡਸਟਰੀ ਵਿੱਚ ਸ਼ਾਹਰੁਖ਼ ਖ਼ਾਨ ਨੂੰ ਕਿੰਗ ਆਫ਼ ਰੋਮਾਂਸ ਵਜੋਂ ਸਥਾਪਤ ਕੀਤਾ। ਵਾਈਆਰਐੱਫ ਨੇ ਮਗਰੋਂ ‘ਵੀਰ ਜ਼ਾਰਾ’, ‘ਚੱਕ ਦੇ! ਇੰਡੀਆ’, ‘ਟਾਈਗਰ ਜ਼ਿੰਦਾ ਹੈ’ ‘ਸੁਲਤਾਨ’ ਤੇ ‘ਵਾਰ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। -ਪੀਟੀਆਈ