ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਸਤੰਬਰ
ਪਿੰਡ ਬੋਪਾਰਾਏ ਕਲਾਂ ਦੇ ਕਿਸਾਨ ਬਲਦੇਵ ਸਿੰਘ ਨੇ ਇੱਕੋ ਰਾਤ ਮੌਤ ਦੇ ਮੂੰਹ ਵਿਚ ਗਈਆਂ ਤਿੰਨ ਦੁਧਾਰੂ ਗਊਆਂ ਅਤੇ ਅੱਧੀ ਦਰਜਨ ਤੋਂ ਵੀ ਵੱਧ ਪਸ਼ੂਆਂ ਦੇ ਬਿਮਾਰ ਹੋਣ ਦੇ ਮਾਮਲੇ ਵਿਚ ਪਸ਼ੂ ਖ਼ੁਰਾਕ ਬਣਾਉਣ ਵਾਲੀ ਕੰਪਨੀ ਨੂੰ ਕਸੂਰਵਾਰ ਦੱਸਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸਰਕਾਰੀ ਪਸ਼ੂ ਹਸਪਤਾਲ ਬੋਪਾਰਾਏ ਕਲਾਂ ਦੇ ਪਸ਼ੂ ਰੋਗਾਂ ਦੇ ਮਾਹਿਰ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਪਸ਼ੂ ਖ਼ੁਰਾਕ ਦੇ ਨਮੂਨੇ ਜਾਂਚ ਲਈ ਸਰਕਾਰੀ ਪ੍ਰਯੋਗਸ਼ਾਲਾ ਜਲੰਧਰ ਭੇਜੇ ਗਏ ਹਨ ਅਤੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਡੇਅਰੀ ਪਾਲਕ ਬਲਦੇਵ ਸਿੰਘ ਦੀ ਦੋਗਲੀ ਨਸਲ ਦੀ ਦੁਧਾਰੂ ਗਾਂ ਦੀ 11 ਸਤੰਬਰ ਨੂੰ ਮੌਤ ਹੋ ਗਈ ਸੀ। ਇਸ ਦੇ ਅਗਲੇ ਦੋ ਘੰਟਿਆਂ ਅੰਦਰ ਹੀ ਦੋ ਹੋਰ ਗਾਵਾਂ ਵੀ ਮੌਤ ਦੇ ਮੂੰਹ ਜਾ ਪਈਆਂ ਅਤੇ 8 ਹੋਰ ਦੁਧਾਰੂ ਗਾਵਾਂ ਦੀ ਵੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਦੀ ਪਸ਼ੂ ਖ਼ੁਰਾਕ ਬਣਾਉਣ ਵਾਲੀ ਫ਼ੈਕਟਰੀ ਦੀ ਖ਼ੁਰਾਕ ਹੀ ਦੁਧਾਰੂ ਪਸ਼ੂਆਂ ਲਈ ਕਈ ਸਾਲਾਂ ਤੋਂ ਵਰਤਦੇ ਆਏ ਹਨ। ਇਸ ਬਿਮਾਰੀ ਦੀ ਲਪੇਟ ਵਿਚ ਸਿਰਫ ਉਹੀ ਪਸ਼ੂ ਆਏ ਜਿਨ੍ਹਾਂ ਨੂੰ ਇਹ ਖ਼ੁਰਾਕ ਪਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਸ਼ੂਆਂ ਵਿਚੋਂ ਕਿਸੇ ਦਾ ਵੀ ਬੀਮਾ ਨਹੀਂ ਹੋਇਆ ਸੀ। ਡਾ. ਪ੍ਰਸ਼ੋਤਮ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਪੋਸਟਮਾਰਟਮ ਵਿਚ ਦੁਧਾਰੂ ਪਸ਼ੂਆਂ ਦੇ ਗੁਰਦੇ ਅਤੇ ਫੇਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਮਿਲੇ ਸਨ ਤੇ ਪਸ਼ੂ ਖ਼ੁਰਾਕ ਵਿਚਲੇ ਤੱਤਾਂ ਕਾਰਨ ਅਜਿਹਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਖ਼ੁਰਾਕ ਦੇ ਨਮੂਨੇ ਜਾਂਚ ਲਈ ਜਲੰਧਰ ਸਥਿਤ ਵਿਭਾਗੀ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ। ਉਨ੍ਹਾਂ ਬਦਬੂ ਮਾਰਦੀ ਪਸ਼ੂ ਖ਼ੁਰਾਕ ਵੀ ਦਿਖਾਈ ਅਤੇ ਖ਼ੁਰਾਕ ਤਿਆਰ ਕਰਨ ਵਾਲੀ ਕੰਪਨੀ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।