ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਸਤੰਬਰ
ਬੀ ਸੀ ਸੁਪਰੀਮ ਕੋਰਟ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਛੇ ਕਤਲਾਂ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਉਂਦਿਆਂ ਜੱਜ ਕੈਥਲੀਨ ਕੇਰ ਨੇ ਮੁੱਖ ਸਾਜ਼ਿਸ਼ਕਰਤਾ ਜੇਮੀ ਬੇਕਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਜੱਜ ਅੱਗੇ ਕਤਲਾਂ ਦੀ ਸਾਜ਼ਿਸ਼ ਰਚਣ ਦੇ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਹ ਨਸ਼ਾ ਤਸਕਰੀ ਵਿੱਚ ਆਪਣੇ ਰੈੱਡ ਸਕੌਰਪੀਅਨ ਨਾਮੀ ਗਰੋਹ ਨੂੰ ਨੰਬਰ 1 ਬਣਾਉਣਾ ਚਾਹੁੰਦਾ ਸੀ, ਜਿਸ ਲਈ ਉਸਨੇ ਵਿਰੋਧੀਆਂ ਨੂੰ ਈਨ ਮੰਨ ਕੇ ਉਸਦੇ ਗਰੋਹ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ, ਪਰ ਉਨ੍ਹਾਂ ਦੀ ਜ਼ਿੱਦ ਕਾਰਨ ਕਤਲ ਕਰਨੇ ਪਏ। ਇਹ ਮੁਲਜ਼ਮ ਉਦੋਂ ਤੋਂ ਜੇਲ੍ਹ ਵਿੱਚ ਸੀ, ਜਿਸ ਕਾਰਨ ਉਸ ਨੂੰ ਜੇਲ੍ਹ ਵਿੱਚ ਕੱਟੇ 13 ਸਾਲਾਂ ਦੀ ਛੋਟ ਮਿਲੇਗੀ ਤੇ ਉਹ ਹੋਰ ਪੰਜ ਸਾਲਾਂ ਬਾਅਦ ਰਿਹਾਅ ਹੋ ਸਕੇਗਾ। ਗੁਨਾਹ ਮੰਨ ਲਏ ਜਾਣ ਕਾਰਨ ਇਸ ਕੇਸ ਦੀ ਅਪੀਲ ਨਹੀਂ ਹੋ ਸਕੇਗੀ।