ਨਵੀਂ ਦਿੱਲੀ, 13 ਸਤੰਬਰ
ਮੁਲਕ ਭਰ ਦੇ 3,800 ਤੋਂ ਵੱਧ ਕੇਂਦਰਾਂ ਵਿੱਚ ਕੋਵਿਡ- 19 ਮਹਾਮਾਰੀ ਕਾਰਨ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੈਡੀਕਲ ਦਾਖ਼ਲਾ ਪ੍ਰੀਖਿਆ ‘ਨੀਟ’ ਮੁਕੰਮਲ ਹੋ ਗਈ। ਇਸ ਪ੍ਰੀਖਿਆ ਵਿੱਚ ਅੱਜ ਲਗਪਗ 90 ਫ਼ੀਸਦੀ ਉਮੀਦਵਾਰਾਂ ਨੇ ਹਿੱਸਾ ਲਿਆ। ਐੱਨਟੀਏ ਨੇ ਦੱਸਿਆ ਕਿ ਪ੍ਰੀਖਿਆ ’ਚ ਵਿਦਿਆਰਥੀਆਂ ਦੀ ਹਾਜ਼ਰੀ 85 ਤੋਂ 90 ਫ਼ੀਸਦੀ ਸੀ। ਹਾਲਾਂਕਿ ਅਜੇ ਸਰਕਾਰੀ ਅੰਕੜੇ ਨਹੀਂ ਮਿਲ ਸਕੇ ਹਨ। ਪਿਛਲੇ ਵਰ੍ਹੇ ਇਹ ਹਾਜ਼ਰੀ 92.9 ਫ਼ੀਸਦੀ ਸੀ। ਕੋਵਿਡ- 19 ਪਾਜ਼ੇਟਿਵ ਮਿਲਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਦਾ ਹੋਰ ਮੌਕਾ ਮਿਲੇਗਾ, ਜਿਸ ਸਬੰਧੀ ਤਰੀਕ ਬਾਅਦ ’ਚ ਐਲਾਨੀ ਜਾਵੇਗੀ। ਇਸ ਦੌਰਾਨ ਵਿਦਿਆਰਥੀ ਉਨ੍ਹਾਂ ਨੂੰ ਦੱਸੇ ਗਏ ਤੈਅਸ਼ੁਦਾ ਸਮੇਂ ’ਤੇ ਪੁੱਜੇ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ‘ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ’ (ਨੀਟ) ਦੁਪਹਿਰ 2 ਵਜੇ ਸ਼ੁਰੂ ਹੋਈ, ਜਦਕਿ ਕੇਂਦਰਾਂ ਵਿੱਚ ਦਾਖ਼ਲਾ ਸਵੇਰੇ 11 ਵਜੇ ਸ਼ੁਰੂ ਹੋ ਗਿਆ ਸੀ। ਇਸ ਪ੍ਰੀਖਿਆ ਲਈ 15 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜੋ ਕਿ ਪਹਿਲਾਂ ਦੋ ਵਾਰ ਕੋਵਿਡ- 19 ਕਾਰਨ ਅੱਗੇ ਪਾਈ ਜਾ ਚੁੱਕੀ ਸੀ।
ਇਸ ਦੌਰਾਨ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਵੱਖ-ਵੱਖ ਸੂਬਾ ਸਰਕਾਰਾਂ ਨੇ ਵਿਦਿਆਰਥੀਆਂ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਸਨ ਤਾਂ ਜੋ ਕਰੋਨਾ ਲਾਗ ਦਾ ਅਸਰ ਉਨ੍ਹਾਂ ’ਤੇ ਨਾ ਪਵੇ। -ਪੀਟੀਆਈ
ਬਕਸਾ