ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਸਤੰਬਰ
ਇੱਥੋਂ ਦੇ ਬੱਸ ਅੱਡੇ ’ਚ ਕਲਰਕ ਦੇ ਅਹੁਦੇ ’ਤੇ ਲੱਗੇ ਦੋ ਮੁਲਾਜ਼ਮ, ਪ੍ਰਮੋਸ਼ਨ ਦੇ ਇਵਜ਼ ’ਚ ਇਕ ਹੋਰ ਮੁਲਾਜ਼ਮ ਤੋਂ ਰਿਸ਼ਵਤ ਲੈਂਦੇ ਵਿਜੀਲੈਂਸ ਦੀ ਟੀਮ ਨੇ ਕਾਬੂ ਕੀਤੇ ਹਨ। ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਇਕ ਮੁਲਾਜ਼ਮ ਨੂੰ ਨਿਰਦੋਸ਼ ਦੱਸਦਿਆਂ ਉਸ ਦੀ ਹਮਾਇਤ ਵਿੱਚ ਬੱਸਾਂ ਖੜ੍ਹੀਆਂ ਕਰਕੇ ਨਾਅਰੇਬਾਜ਼ੀ ਕੀਤੀ। ਵਿਜੀਲੈਂਸ ਦੀ ਟੀਮ ਨੇ ਇਸ ਮਾਮਲੇ ਵਿੱਚ ਦੋ ਫੜੇ ਗਏ ਮੁਲਾਜ਼ਮਾਂ ਤੋਂ ਇਲਾਵਾ ਦੋ ਹੋਰ ਮੁਲਾਜ਼ਮਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਡਵੇਜ਼ ਦੇ ਕਿਸੇ ਮੁਲਾਜ਼ਮ ਨੇ ਵਿਜੀਲੈਂਸ ਹਿਸਾਰ ਤੇ ਸਿਰਸਾ ਕੋਲ ਸ਼ਿਕਾਇਤ ਕਰ ਕੇ ਦੱਸਿਆ ਕਿ ਬੱਸ ਅੱਡੇ ’ਚ ਕਲਰਕ ਦੇ ਅਹੁਦੇ ’ਤੇ ਲੱਗੇ ਪ੍ਰਿਥਵੀ ਸਿੰਘ ਤੇ ਓਮ ਪ੍ਰਕਾਸ਼ ਉਸ ਦੀ ਪ੍ਰਮੋਸ਼ਨ ਦੇ ਮਾਮਲੇ ਵਿੱਚ ਅੱਠ ਹਜ਼ਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਹੇ ਹਨ। ਇਸ ਸ਼ਿਕਾਇਤ ਮਗਰੋਂ ਅੱਜ ਦੁਪਹਿਰ ਵਿਜੀਲੈਂਸ ਦੀ ਟੀਮ ਨੇ ਪ੍ਰਮੋਸ਼ਨ ਲੈਣ ਵਾਲੇ ਮੁਲਾਜ਼ਮ ਨੂੰ ਰੰਗ ਲੱਗੇ ਨੋਟ ਦੇ ਕੇ ਰਿਸ਼ਵਤ ਮੰਗਣ ਵਾਲਿਆਂ ਨੂੰ ਦੇਣ ਦੀ ਯੋਜਨਾ ਬਣਾਈ। ਜਦੋਂ ਮੁਲਾਜ਼ਮ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਤਾਂ ਉੱਥੇ ਤਾਇਨਾਤ ਵਿਜੀਲੈਂਸ ਟੀਮ ਦੇ ਮੁਲਾਜ਼ਮਾਂ ਨੇ ਪ੍ਰਿਥਵੀ ਸਿੰਘ ਤੇ ਓਮ ਪ੍ਰਕਾਸ਼ ਨੂੰ ਕਾਬੂ ਕਰ ਲਿਆ। ਜਦੋਂ ਇਸ ਦਾ ਪਤਾ ਰੋਡਵੇਜ਼ ਯੂਨੀਅਨ ਦੇ ਆਗੂਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਓਮ ਪ੍ਰਕਾਸ਼ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉਸ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ ਜਦੋਂ ਕਿ ਉਸ ਤੋਂ ਰੁਪਏ ਬਰਾਮਦ ਨਹੀਂ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਕੁਝ ਸਮੇਂ ਲਈ ਬੱਸਾਂ ਗੇਟ ਦੇ ਅੱਗੇ ਲਾ ਕੇ ਜਾਮ ਲਾਇਆ ਤੇ ਨਾਅਰੇਬਾਜ਼ੀ ਕੀਤੀ। ਜਾਮ ਲਾਏ ਜਾਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।