ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਸਤੰਬਰ
ਇੱਥੋਂ ਨੇੜਲੇ ਪਿੰਡ ਘਰਾਚੋਂ ਵਿੱਚ ਦਲਿਤ ਭਾਈਚਾਰਾ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ 8 ਏਕੜ ਹੋਰ ਜ਼ਮੀਨ ਦੀ ਘੱਟ ਰੇਟ ’ਤੇ ਬੋਲੀ ਲੈਣ ਵਿੱਚ ਸਫ਼ਲ ਹੋ ਗਿਆ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਕਾਈ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਡੰਮੀ ਬੋਲੀ ਖ਼ਿਲਾਫ਼ ਸੰਘਰਸ਼ ਕਰ ਰਹੇ ਘਰਾਚੋਂ ਦੇ ਦਲਿਤਾਂ ਵੱਲੋਂ ਆਪਣੇ ਏਕੇ ਸਦਕਾ ਰੱਦ ਕਰਵਾਏ ਅੱਠ ਏਕੜ ਦੀ ਬੋਲੀ ਅੱਜ ਘੱਟ ਰੇਟ ’ਤੇ ਲੈਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਇਸ ਨੂੰ ਆਪਣੀ ਅੰਸ਼ਿਕ ਜਿੱਤ ਕਰਾਰ ਦਿੰਦਿਆਂ ਬਾਕੀ ਬੱਚਦੀ ਜ਼ਮੀਨ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਇਕਾਈ ਖਜ਼ਾਨਚੀ ਮਿੱਠੂ ਸਿੰਘ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਲਗਾਤਾਰ ਾਲ ਮਟੋਲ ਕਰ ਰਿਹਾ ਸੀ ਅਤੇ ਬਿਨਾਂ ਵਜ੍ਹਾ ਬੋਲੀ ਰੱਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦਲਿਤਾਂ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ 8 ਏਕੜ ਉਪਰ ਕਬਜ਼ਾ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਅੱਜ ਅੱਠ ਏਕੜ ਦੀ ਬੋਲੀ ਦਲਿਤਾਂ ਨੂੰ ਸਾਂਝੇ ਰੂਪ ਵਿੱਚ ਘੱਟ ਰੇਟ ਉੱਪਰ ਦੇ ਦਿੱਤੀ ਗਈ। ਇਸ ਮੌਕੇ ਪ੍ਰਦੀਪ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਪ੍ਰਗਟ ਸਿੰਘ ਹਾਜ਼ਰ ਸਨ