ਨਵੀਂ ਦਿੱਲੀ, 13 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਚੀਨ-ਭਾਰਤ ਦੇ ਚੰਗੇ ਆਪਸੀ ਸਬੰਧਾਂ ਦੀ ਚਾਬੀ ਦੋਵਾਂ ਮੁਲਕਾਂ ਵੱਲੋਂ ਬਹੁ-ਧਰੁਵੀਕਰਨ ਅਤੇ ਆਪਸੀ ਸਮਝ ਸਬੰਧੀ ਸਵੀਕਾਰਯੋਗਤਾ ਹੈ, ਜਿਸ ਨਾਲ ਆਲਮੀ ਪੱਧਰ ’ਤੇ ਪੁਨਰ-ਸੰਤੁਲਨ ਦਾ ਮਜ਼ਬੂਤ ਆਧਾਰ ਬਣੇਗਾ। ਉਨ੍ਹਾਂ ਦੀ ਹਾਲ ਹੀ ’ਚ ਰਿਲੀਜ਼ ਹੋਈ ਪੁਸਤਕ ‘ਦਿ ਇੰਡੀਆ ਵੇਅ: ਸਟਰੈਟੇਜੀਜ਼ ਫਾਰ ਐਨ ਅਨਸਰਟਨ ਵਰਲਡ’ ਵਿੱਚ ਉਨ੍ਹਾਂ ਲਿਖਿਆ ਕਿ ਭਾਰਤ ਸਿਰਫ਼ ਇਕੱਲਾ ਅਜਿਹਾ ਮੁਲਕ ਨਹੀਂ ਹੈ ਜੋ ਚੀਨ ਨਾਲ ਸਬੰਧਾਂ ਬਾਰੇ ਸਪੱਸ਼ਟਤਾ ਚਾਹੁੰਦਾ ਹੈ ਬਲਕਿ ਹਰ ਦੇਸ਼ ਆਪੋ-ਆਪਣੇ ਢੰਗ ਨਾਲ ਆਪਣੀਆਂ ਸ਼ਰਤਾਂ ਨੂੁੰ ਨਵੇਂ ਸਿਰਿਓਂ ਬਣਾ ਰਿਹਾ ਹੈ।
ਹਾਲਾਂਕਿ ਵਿਦੇਸ਼ ਮੰਤਰੀ ਨੇ ਇਹ ਪੁਸਤਕ ਪੂਰਬੀ ਲੱਦਾਖ ਵਿੱਚ ਫ਼ੌਜੀ ਤਣਾਅ ਵਾਲੀ ਸਥਿਤੀ ਤੋਂ ਪਹਿਲਾਂ ਲਿਖੀ ਸੀ। ਜੇਕਰ ਭਾਰਤ ਤੇ ਚੀਨ ਦੋਵਾਂ ਵੱਲੋਂ ਸਾਂਝੇ ਤੌਰ ’ਤੇ ਕੋਈ ਰਣਨੀਤੀ ਅਪਣਾਈ ਜਾਵੇ ਤਾਂ ਇਹ ਅੰਦਰੂਨੀ ਤੌਰ ’ਤੇ ਆਪਣੇ ਮੁਲਕ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨਾ, ਬਾਹਰੀ ਜ਼ਮੀਨ ਦੀ ਮਿਣਤੀ ਅਤੇ ਚੀਨ ਨਾਲ ਸਮਝ ਸਥਾਪਤ ਕਰਨਾ ਹੋਵੇਗਾ। ਇਸ ਸਮੁੱਚੀ ਪ੍ਰਕਿਰਿਆ ਵਿੱਚ ਭਾਰਤ ਨੂੰ ਇਸ ਦੇ ਆਕਾਰ, ਸਮਰੱਥਾ, ਇਤਿਹਾਸ ਤੇ ਸੱਭਿਆਚਾਰ ਕਾਰਨ ਵਿਸ਼ੇਸ਼ ਸਥਾਨ ਮਿਲੇਗਾ। ਉਨ੍ਹਾਂ ਕਿਹਾ ਕਿ ‘ਹਾਰਪਰ ਕੌਲਿਨਜ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪਿਛਲੇ ਦੋ ਸਾਲਾਂ ਦੇ ਅਰਸੇ ਦੌਰਾਨ ਤਿਆਰ ਕੀਤੀ ਗਈ ਸੀ। ਸ੍ਰੀ ਜੈਸ਼ੰਕਰ ਮੁਤਾਬਕ 1950 ਤੋਂ ਲੈ ਕੇ ਹੁਣ ਬਹੁਤ ਕੁਝ ਬਦਲ ਚੁੱਕਾ ਹੈ, ਜਿਸ ਦੌਰਾਨ ਸਰਦਾਰ ਪਟੇਲ ਅਤੇ ਜਵਾਹਰਲਾਲ ਨਹਿਰੂ ਨੇ ਚੀਨ ਨਾਲ ਨਜਿੱਠਣ ਦੇ ਢੰਗ ਬਾਰੇ ਗੱਲਬਾਤ ਕੀਤੀ ਸੀ, ਜਿਸਦਾ ਭਾਰਤ ਨੂੰ ਨੁਕਸਾਨ ਹੀ ਹੈ। ਉਨ੍ਹਾਂ ਕਿਹਾ ਕਿ ਯਥਾਰਥਵਾਦ ਬਨਾਮ ਆਸ਼ਾਵਾਦ ਅਤੇ ਦੁਵੱਲੇ ਸਬੰਧ ਬਨਾਮ ਸੰਸਾਰਵਾਦ, ਅਜਿਹੇ ਮੁੱਖ ਨੁਕਤੇ ਹਨ, ਜਿਨ੍ਹਾਂ ਦਾ ਅੱਜ ਵੀ ਉੱਨਾ ਹੀ ਮਹੱਤਵ ਹੈ, ਜਿੰਨਾ ਪਹਿਲਾਂ ਸੀ। -ਪੀਟੀਆਈ