ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਵਿੱਚ ਨਵੀਂ ਤਾਇਨਾਤ ਕੀਤੀ ਆਈਪੀਐਸ ਅਧਿਕਾਰੀ ਸ਼ਰੁਤੀ ਅਰੋੜਾ ਨੂੰ ਚੰਡੀਗੜ੍ਹ ਪੁਲੀਸ ਦੇ ਡੀ-ਸਾਊਥ ਡਿਵੀਜ਼ਨ ਵਿੱਚ ਐੱਸਡੀਪੀਓ (ਦੱਖਣ) ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪੁਲੀਸ ਮਹਿਕਮੇ ਨੇ ਤਿੰਨ ਡੀਐੱਸਪੀਜ਼ ਦੇ ਵੀ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਹਨ। ਮੌਜੂਦਾ ਐੱਸਡੀਪੀਓ (ਦੱਖਣ) ਨੇਹਾ ਯਾਦਵ ਨੂੰ ਐੱਸਪੀ (ਸਾਈਬਰ ਵਿੰਗ) ਦੇ ਅਹੁਦੇ ’ਤੇ ਤਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀਐੱਸਪੀ (ਪੂਰਬ) ਦਾ ਚਾਰਜ ਗੁਰਮੁੱਖ ਸਿੰਘ ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਜ਼ਿਮੇਵਾਰੀ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਕੋਲ ਸੀ ਅਤੇ ਡੀਐੱਸਪੀ ਗੁਰਮੁੱਖ ਸਿੰਘ ਕੋਲ ਪੀਸੀਆਰ ਵਿੰਗ ਦਾ ਚਾਰਜ ਸੀ। ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੂੰ ਮਹਿਕਮੇ ਦੇ ਕੰਮਿਊਨੀਕੇਸ਼ਨ ਸੈੱਲ ਅਤੇ ਮਹਿਲਾ ਡੀਐੱਸਪੀ ਸੀਤਾ ਦੇਵੀ ਨੂੰ ਪੀਸੀਆਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈਪੀਐੱਸ ਸ਼ਰੁਤੀ ਅਰੋੜਾ ਹਰਿਆਣਾ ਦੀ ਮੌਜੂਦਾ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਦੀ ਧੀ ਹੈ। ਸਾਲ 2018 ਰੈਂਕ ਦੀ ਇਸ ਆਈਪੀਐੱਸ ਅਧਿਕਾਰੀ ਦੀ ਚੰਡੀਗੜ੍ਹ ਵਿੱਚ ਇਹ ਪਹਿਲੀ ਤਾਇਨਾਤੀ ਹੈ। ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਅਪਰਾਧ ਘਟਾਊਣ ਦਾ ਭਰੋਸਾ ਦਿੱਤਾ ਹੈ ਤੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧਤਾ ਦੁਹਰਾਈ ਹੈ।