ਬੀਰਬਲ ਰਿਸ਼ੀ
ਸ਼ੇਰਪੁਰ, 20 ਸਤੰਬਰ
ਬਲਾਕ ਸ਼ੇਰਪ4ੁਰ ਦੇ ਦਰਜਨਾਂ ਪਿੰਡਾਂ ’ਚ ਖੇਤੀ ਆਰਡੀਨੈਂਸ ਮਸਲੇ ’ਤੇ ਅੱਜ ਜਿੱਥੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪਿੰਡ ਪੱਧਰ ’ਤੇ ਵੀ ਏਕੇ ਦਾ ਸਬੂਤ ਦਿੰਦਿਆਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਆਪਣੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ। ਉਥੇ ਦੂਜੇ ਰਾਜਨੀਤਕ ਨੇਤਾਵਾਂ ਲਈ ਵੀ ‘ਕਿਸਾਨ ਨਾਲ ਜੋ ਖੜ੍ਹੇਗਾ, ਪਿੰਡਾਂ ਵਿੱਚ ਉਹੀ ਵੜੇਗਾ’ ਦਾ ਨਵਾਂ ਨਾਅਰਾ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਤੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਅਲੀਪੁਰ ਦੀ ਅਗਵਾਈ ਹੇਠ ਪਿੰਡ ਕ੍ਰਮਵਾਰ ਕਾਤਰੋਂ, ਅਲੀਪੁਰ ਖਾਲਸਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਤਵਾਰ ਸਿੰਘ ਬਾਦਸ਼ਾਹਪੁਰ ਤੇ ਨਿਰਮਲ ਸਿੰਘ ਘਨੌਰ ਨੇ ਵੀ ਲੋਕਾਂ ਦੇ ਸਹਿਯੋਗ ਨਾਲ ਪੁਤਲੇ ਫੂਕੇ ਜਾਣ ਦੀ ਜਾਣਕਾਰੀ ਦਿੱਤੀ। ਪਿੰਡ ਬੜੀ ’ਚ ਲੋਕ ਮੰਚ ਪੰਜਾਬ ਦੇ ਕਨਵੀਨਰ ਕਾਮਰੇਡ ਸੁਖਦੇਵ ਬੜੀ ਨੇ ਸਰਬਪਾਰਟੀ ਮੀਟਿੰਗ ਜਿੱਥੇ ਖੇਤੀ ਆਰਡੀਨੈਂਸਾਂ ਬਾਰੇ ਲੋਕਾਂ ਨੂੰ ਦੱਸਿਆ, ਉਥੇ ਇਕੱਠੀਆਂ ਹੋਈਆਂ 31 ਕਿਸਾਨ ਜਥੇਬੰਦੀਆਂ ਪ੍ਰੋਗਰਾਮ ਨੂੰ ਹੀ ਲਾਗੂ ਕਰਨ ਤੇ ਏਕੇ ਤੋਂ ਭੱਜ ਕੇ ਲੀਹ ਪਾੜਕੇ ਤੁਰਨ ਵਾਲਿਆਂ ਨੂੰ ਮੂੰਹ ਨਾ ਲਾਉਣ ਦਾ ਸੱਦਾ ਦਿੱਤਾ ਗਿਆ।