ਚਰਨਜੀਤ ਭੁੱਲਰ
ਚੰਡੀਗੜ੍ਹ, 18 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਵਜ਼ਾਰਤ ’ਚੋਂ ਅਸਤੀਫ਼ੇ ਨੂੰ ਪੰਜਾਬ ਦਾ ‘ਐਂਟਰੀ ਪਰਮਿਟ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਕਿਸਾਨਾਂ ਦੇ ਗੁੱਸੇ ਕਰਕੇ ਪੰਜਾਬ ’ਚ ਦਾਖ਼ਲ ਹੋਣ ਤੋਂ ਡਰਦਾ ਸੀ, ਜਿਸ ਕਰਕੇ ਹਰਸਿਮਰਤ ਕੌਰ ਨੂੰ ਕੇਂਦਰ ’ਚੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਕਾਂਗਰਸੀ ਵਿਧਾਇਕ ਹੁਣ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰਨਗੇ। ਕੈਪਟਨ ਆਪਣੇ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ 23 ਸਤੰਬਰ ਨੂੰ ਦਿੱਲੀ ਵਿਚ ਰੋਸ ਮੁਜ਼ਾਹਰਾ ਕਰਨਗੇ ਜਿਸ ਲਈ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਦਲਾਂ ਨੂੰ ਸੁਨੇਹਾ ਦੇ ਦਿੱਤਾ ਸੀ ਕਿ ਉਹ ਅਸਤੀਫ਼ਾ ਦੇ ਦੇਣ, ਨਹੀਂ ਤਾਂ ਉਨ੍ਹਾਂ ਨੂੰ ਉਹ ਖ਼ੁਦ ਹੀ ਵਜ਼ਾਰਤ ’ਚੋਂ ਚੱਲਦਾ ਕਰ ਦੇਣਗੇ। ਯੂਥ ਕਾਂਗਰਸ (ਪੰਜਾਬ) ਵੀ ਦਿੱਲੀ ਵੱਲ 20 ਸਤੰਬਰ ਨੂੰ ਟਰੈਕਟਰ ਮਾਰਚ ਕਰ ਰਹੀ ਹੈ।