ਪਾਲ ਸਿੰਘ ਨੌਲੀ
ਜਲੰਧਰ, 26 ਸਤੰਬਰ
ਖੇਤੀ ਸੁਧਾਰਾਂ ਦੀ ਆੜ ਹੇਠ ਲਿਆਂਦੇ ਬਿੱਲਾਂ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਜਲੰਧਰ ਛਾਉਣੀ ’ਚ ਰੇਲਵੇ ਸਟੇਸ਼ਨ ਦੀਆਂ ਲਾਈਨਾਂ ’ਤੇ ਪੰਜ ਘੰਟੇ ਤੱਕ ਧਰਨਾ ਲਾਈ ਰੱਖਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਖੇਤੀ ਬਿੱਲ ਵਾਪਸ ਨਹੀਂ ਲਏ ਜਾਂਦੇ, ਊਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਦੌਰਾਨ ਯੂਨੀਅਨ ਦੇ ਸੂਬਾਈ ਆਗੂ ਗੁਰਮੇਲ ਸਿੰਘ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਿਆਣੀ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੇ ਇਨ੍ਹਾਂ ਬਿੱਲਾਂ ਨਾਲ ਖੇਤੀਬਾੜੀ ਦਾ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ 24 ਸਤੰਬਰ ਤੋਂ ਜਾਰੀ ‘ਜੇਲ੍ਹ ਭਰੋ’ ਅੰਦੋਲਨ 29 ਸਤੰਬਰ ਤੱਕ ਚੱਲੇਗਾ। ਜੇ ਫਿਰ ਵੀ ਬਿੱਲ ਵਾਪਸ ਨਾ ਹੋਏ ਤਾਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਵਿਦੇਸ਼ਾਂ ਵੱਲ ਜਾ ਰਹੀ ਹੈ, ਹੁਣ ਪੰਜਾਬ ’ਚ ਜੋ ਕਿਸਾਨੀ ਬਚੀ ਸੀ, ਉਸ ਨੂੰ ਮੋਦੀ ਸਰਕਾਰ ਦੇ ਲਿਆਂਦੇ ਬਿੱਲ ਬਰਬਾਦ ਕਰਕੇ ਰੱਖ ਦੇਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਉਹ ਹੁਣ ਸੰਘਰਸ਼ ਨਹੀਂ ਕਰਨਗੇ ਤਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਜੋ ਜਾਣਗੀਆਂ। ਪ੍ਰਦਰਸ਼ਨ ਨੂੰ ਸਵਰਨ ਸਿੰਘ ਸਾਦਿਕਪੁਰ, ਅਮਰਜੀਤ ਸਿੰਘ ਪੂਨੀਆ, ਜੋਗਿੰਦਰ ਸਿੰਘ, ਕਿਸ਼ਨ ਦੇਵ ਮਿਆਣੀ, ਮਲਕੀਤ ਸਿੰਘ, ਤਰਸੇਮ ਸਿੰਘ ਨੇ ਵੀ ਸੰਬੋਧਨ ਕੀਤਾ।