ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਸਤੰਬਰ
ਇਥੇ ਅੱਜ ਸਰਕਾਰੀ ਗਊਸ਼ਾਲਾ ’ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅੱਜ ਦੁਪਹਿਰ ਅਖੌਤੀ ਗਊ ਰੱਖਿਅਕਾਂ ਨੇ ਗਊ ਸੇਵਕ ਬਾਬਾ ਜੁਗਰਾਜ ਸਿੰਘ ਲੰਗਰਾਂਵਾਲੇ ਦੀ ਅਗਵਾਈ ਹੇਠ ਪੁੱਜੇ ਲੋਕਾਂ ’ਤੇ ਗੋਲੀਆਂ ਦਾਗ ਦਿੱਤੀਆਂ। ਥਾਣਾ ਸਿਟੀ ਦੱਖਣੀ ਮੁਖੀ ਸੰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਮੁਤਾਬਕ ਬਾਬਾ ਜੁਗਰਾਜ ਸਿੰਘ ਲੰਗਰਾਂਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਲੋਪੋ ਵਿਖੇ ਗਊਸ਼ਾਲਾ ਹੈ। ਉਹ ਨਗਰ ਨਿਗਮ ਕਮਿਸ਼ਨਰ, ਅਨੀਤਾ ਦਰਸ਼ੀ ਦੇ ਹੁਕਮਾਂ ਉੱਤੇ ਸਥਾਨਕ ਚੜਿੱਕ ਰੋਡ ਉੱਤੇ ਸਰਕਾਰੀ ਗਊਸ਼ਾਲਾ ’ਚੋਂ ਵਾਧੂ ਗਊਆਂ ਆਪਣੀ ਗਊਸ਼ਾਲਾ ’ਚ ਲਿਜਾਣ ਲਈ 3 ਟਰੱਕ ਲੈ ਕੇ ਸੇਵਕਾਂ ਨਾਲ ਪੁੱਜੇ ਸਨ। ਉਹ ਟਰੱਕ ’ਚ ਗਊਆਂ ਲੱਦ ਰਹੇ ਸਨ ਇਸ ਦੌਰਾਨ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਗਊਸ਼ਾਲਾ ’ਚ ਪੁੱਜੇ ਅਤੇ ਉਨ੍ਹਾਂ ਗਊਆਂ ਲਿਜਾਣ ਦਾ ਵਿਰੋਧ ਕਰ ਦਿੱਤਾ। ਬਾਬਾ ਜਗੁਰਾਜ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਕਈ ਹਵਾਈ ਫ਼ਾਇਰਿੰਗ ਕੀਤੇ ਅਤੇ ਉਨ੍ਹਾਂ ਨਾਲ ਆਏ ਗਊ ਸੇਵਕਾਂ ਉੱਤੇ ਰਾਡਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਾਰ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਪੁਲੀਸ ਮੁਤਾਬਕ ਦੋਵਾਂ ਧਿਰਾਂ ਵਿੱਚ ਦੁਧਾਰ ਗਊਆਂ ਲਿਜਾਣ ਤੋਂ ਵਿਵਾਦ ਪੈਦਾ ਹੋਇਆ ਹੈ। ਵਿਵਾਦ ਮਗਰੋਂ, ਜੋ ਗਊਆਂ ਟਰੱਕ ’ਚ ਲੱਦੀਆਂ ਸਨ, ਉਹ ਲੋਪੋ ਗਊ ਸ਼ਾਲਾ ’ਚ ਭੇਜ ਦਿੱਤੀਆਂ।
ਇਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੌਰਾਨ ਸਰਕਾਰੀ ਗਊਸ਼ਾਲਾ ਸਥਾਪਤ ਕੀਤੀ ਸੀ। ਇਸ ਗਊਸ਼ਾਲਾ ਨਗਰ ਨਿਗਮ ਨੇ ਨੂੰ ਸਿਆਸੀ ਪਹੁੰਚ ਸਦਕਾ ਚਲਾਉਣ ਲਈ ਸ਼ਹਿਰ ਦੇ ਰਸੂਖਵਾਨ ਵਿਅਕਤੀ ਨੂੰ ਠੇਕਾ ਦਿੱਤਾ ਹੋਇਆ ਅਤੇ ਕਰੀਬ 4 ਲੱਖ ਰੁਪਏ ਪ੍ਰਤੀ ਮਹੀਨਾਂ ਅਦਾਇਗੀ ਕੀਤੀ ਜਾਂਦੀ ਹੈ। ਨਗਰ ਨਿਗਮ ਵੱਲੋਂ ਇਹ ਠੇਕਾ ਦੇਣ ਉੱਤੇ 3 ਸਾਲ ਪਹਿਲਾਂ ਵੀ ਉਂਗਲ ਉੱਠੀ ਸੀ।