ਗੁਰਦੀਪ ਸਿੰਘ ਭੱਟੀ
ਟੋਹਾਣਾ, 26 ਸਤੰਬਰ
ਭੂਨਾ ਦੇ ਸੈਣੀ ਮੁਹੱਲੇ ਵਿੱਚ ਮਹੰਤ ਬੰਟੀ ਨੂੰ ਤਿੰਨ ਹੱਥਿਆਰਬੰਦ ਲੁਟੇਰਿਆਂ ਵੱਲੋਂ ਹਮਲਾ ਕਰਕੇ ਸੋਨੇ ਦੇ ਗਹਿਣੇ ਲੁੱਟਣ ਦੀ ਘਟਨਾ ਦੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਖ਼ਿਲਾਫ਼ ਅੱਜ ਕਿੰਨਰਾਂ ਨੇ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਲ ਕੀਤਾ। ਲੁਟੇਰਿਆਂ ਨੇ ਮਹੰਤ ਤੋਂ ਸੋਨੇ ਦੀ ਚੇਨ ਤੇ ਬ੍ਰੈਸਲੇਟ ਲੁੱਟ ਲਏ ਸਨ।
ਪੰਜ ਦਿਨ ਤੱਕ ਪੁਲੀਸ ਕਾਰਵਾਈ ਨਾ ਹੋਣ ਖ਼ਿਲਾਫ਼ ਹਿਸਾਰ, ਸਿਰਸਾ, ਫਤਿਹਾਬਾਦ, ਟੋਹਾਣਾ ਤੋਂ ਪਹੁੰਚੇ ਮਹੰਤ ਤੇ ਉਨ੍ਹਾਂ ਦੇ ਚੇਲਿਆਂ ਨੇ ਅੱਜ ਭੂਨਾ ਦੀਆਂ ਸੜਕਾਂ ਜਾਮ ਕਰ ਦਿੱਤੀਆ ਅਤੇ ਭੂਨਾ ਪੁਲੀਸ ਦਾ ਪਿੱਟ ਸਿਆਪਾ ਕੀਤਾ। ਕਿੰਨਰਾਂ ਦੇ ਰੋਸ ਵਿਖਾਵੇ ਨੂੰ ਵੇਖਣ ਲਈ ਸੜਕਾਂ ’ਤੇ ਭੀੜ ਇਕੱਠੀ ਹੋ ਗਈ, ਜਿਸਨੂੰ ਕਾਬੂ ਕਰਨ ਲਈ ਪੁਲੀਸ ਨੇ ਵਿਸ਼ੇਸ਼ ਟੀਮਾਂ ਬੁਲਾਈਆਂ। ਬੀਤੇ ਮੰਗਲਵਾਰ ਸ਼ਾਮ ਨੂੰ ਬੰਟੀ ਮਹੰਤ ਮਕਾਨ ਦੇ ਬਾਹਰ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਕਿ ਤਿੰਨ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ, ਸੋਨੇ ਦੀ ਚੇਨ ਤੇ ਬ੍ਰੈਸਲੇਟ ਖੋਹ ਕੇ ਲੈ ਗਏ। ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਸਿਰਸਾ ਤੋਂ ਮਹਿਕ ਮਹੰਤ, ਹਿਸਾਰ ਦੀ ਟੀਨਾ ਮਹੰਤ, ਫਤਿਹਾਬਾਦ ਦੋ ਸਿਮਰਨ, ਉਕਲਾਨਾ ਤੋਂ ਮਮਤਾ ਤੇ ਚਾਂਦਨੀ, ਸਿਰਸਾ ਤੋਂ ਸਪਨਾ, ਹਿਸਾਰ ਤੋਂ ਬਿੱਲੋਂ ਤੇ ਉਨ੍ਹਾਂ ਦੇ ਚੇਲਿਆਂ ਨੇ ਭੂਨਾ ਥਾਣੇ ਅੱਗੇ ਨੱਚ ਕੇ ਅਤੇ ਤਾੜੀਆਂ ਵਜਾ ਕੇ ਪੁਲੀਸ ਕਰਮਚਾਰੀਆਂ ਨੂੰ ਮਿਹਨੇ ਮਾਰੇ ਅਤੇ ਬਦਦੁਆਵਾਂ ਦਿੱਤੀਆਂ। ਭੂਨਾ ਥਾਣਾ ਮੁਖੀ ਕਪਿਲ ਸਿਹਾਗ ਨੇ ਉਨ੍ਹਾਂ ਨੂੰ ਜਲਦੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।