ਨਵੀਂ ਦਿੱਲੀ: ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੇ ਮੈਂਬਰ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮਾਸਕੋ ਵਿੱਚ ਹੋਈ ਮੀਟਿੰਗ ਦੌਰਾਨ ਪਾਕਿਸਤਾਨੀ ਨੁਮਾਇੰਦੇ ਵੱਲੋਂ ਭਾਰਤ ਦੇ ਇਲਾਕਿਆਂ ਨੂੰ ਪਾਕਿਸਤਾਨ ਦਾ ਹਿੱਸਾ ਦੱਸਦੇ ਹੋਏ ‘ਕਾਲਪਨਿਕ’ ਨਕਸ਼ਾ ਪੇਸ਼ ਕੀਤੇ ਜਾਣ ਦਾ ਵਿਰੋਧ ਕਰਦਿਆਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਮੀਟਿੰਗ ’ਚੋਂ ਬਾਹਰ ਆ ਗਏ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ‘ਇਹ ਮੇਜ਼ਬਾਨ ਮੁਲਕ ਵੱਲੋਂ ਜਾਰੀ ਐਡਵਾਇਜ਼ਰੀ ਦਾ ਘੋਰ ਅਪਮਾਨ ਅਤੇ ਮੀਟਿੰਗ ਦੇ ਨੇਮਾਂ ਦੀ ਉਲੰਘਣਾ ਹੈ। ਮੇਜ਼ਬਾਨ ਨਾਲ ਸਲਾਹ ਮਸ਼ਵਰੇ ਮਗਰੋਂ ਭਾਰਤ ਆਪਣਾ ਰੋਸ ਦਰਜ ਕਰਦਿਆਂ ਮੀਟਿੰਗ ’ਚੋਂ ਬਾਹਰ ਆ ਗਿਆ।’ ਸਰਕਾਰੀ ਸੂਤਰਾਂ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਐੱਸਸੀਓ ਚਾਰਟਰ ਤੇ ਇਸ ਦੇ ਮੈਂਬਰ ਮੁਲਕਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਬਾਰੇ ਸਥਾਪਤ ਨੇਮਾਂ ਦੀ ‘ਗੰਭੀਰ ਉਲੰਘਣਾ’ ਕਰਾਰ ਦਿੱਤਾ ਹੈ। ਪਾਕਿਸਤਾਨ ਦੀ ਨੁਮਾਇੰਦਗੀ ਮੋਈਦ ਡਬਲਿਊ ਯੁਸੂਫ਼ ਕਰ ਰਹੇ ਸਨ। ਯੁਸੂਫ਼ ਕੌਮੀ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਹਨ। ਉਧਰ, ਰੂਸ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਨਿਕੋਲਈ ਪਾਤਰੁਸ਼ੇਵ ਨੇ ਸਪੱਸ਼ਟ ਕਰ ਦਿੱਤਾ ਕਿ ਊਹ ਪਾਕਿਸਤਾਨ ਦੀ ਇਸ ਪੇਸ਼ਕਦਮੀ ਦੀ ਹਮਾਇਤ ਨਹੀਂ ਕਰਦੇ।
-ਪੀਟੀਆਈ