ਪੱਤਰ ਪ੍ਰੇਰਕ
ਟੱਲੇਵਾਲ, 17 ਸਤੰਬਰ
ਕਰੋਨਾਵਾਇਰਸ ਦੀ ਟੈਸਟਿੰਗ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਪੰਚਾਇਤਾਂ ਵੱਲੋਂ ਵਿਰੋਧੀ ਮਤੇ ਪਾਏ ਗਏ, ਉੱਥੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਇਸ ਦੇ ਹੱਕ ਵਿੱਚ ਵੀ ਆਉਣ ਲੱਗੀਆਂ ਹਨ। ਅੱਜ ਪਿੰਡ ਰਾਮਗੜ੍ਹ ਦੀ ਪੰਚਾਇਤ ਵੱਲੋਂ ਕਰੋਨਾ ਟੈਸਟਿੰਗ ਦੇ ਹੱਕ ਵਿੱਚ ਮਤਾ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ। ਸਰਪੰਚ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਥਾਣਾ ਟੱਲੇਵਾਲ ਦੇ ਐੱਸਐੱਚਓ ਅਮਨਦੀਪ ਕੌਰ ਦੀ ਹਾਜ਼ਰੀ ਵਿੱਚ ਅੱਜ ਪਿੰਡ ਦੀ ਪੰਚਾਇਤ ਵੱਲੋਂ ਇਹ ਮਤਾ ਪਾਇਆ ਗਿਆ ਹੈ। ਪਿੰਡ ਵਿੱਚ ਸਿਹਤ ਵਿਭਾਗ ਦੀ ਟੀਮ ਕਿਸੇ ਵੀ ਵੇਲੇ ਸੈਂਪਲਿੰਗ ਲਈ ਆ ਸਕਦੀ ਹੈ। ਸਿਹਤ ਵਿਭਾਗ ਦੀ ਟੀਮ ਨੂੰ ਪੰਚਾਇਤ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਡਰਨ ਦੀ ਬਜਾਏ, ਇਸ ਦਾ ਸਾਹਮਣਾ ਕਰਨ ਦੀ ਲੋੜ ਹੈ। ਜਿਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਤਾ ਸਮੂਹ ਪੰਚਾਇਤ ਮੈਂਬਰਾਂ ਦੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਸ ਮੌਕੇ ਪੰਚਾਇਤ ਮੈਂਬਰ ਕਰਮਜੀਤ ਸਿੰਘ, ਪਰਮਿੰਦਰ ਸਿੰਘ, ਗੋਬਿੰਦ ਸਿੰਘ, ਗੁਰਜੀਤ ਕੌਰ, ਪਰਮਜੀਤ ਕੌਰ ਅਤੇ ਸਤਨਾਮ ਸਿੰਘ ਪੰਚਾਇਤ ਸੈਕਟਰੀ ਵੀ ਹਾਜ਼ਰ ਸਨ।