ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਸਤੰਬਰ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਖੇਤੀ ਆਰਡੀਨੈੱਸਾਂ ਖ਼ਿਲਾਫ਼ 15 ਸਤੰਬਰ ਨੂੰ ਸੰਸਦ ਅੰਦਰ ਬਿੱਲ ਪੇਸ਼ ਹੋਣ ਵਾਲੇ ਦਿਨ ਦੋ ਘੰਟੇ ਸੜਕਾਂ ਜਾਮ ਕਰਨ ਦੇ ਸੱਦੇ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ 85 ਫੀਸਦੀ ਲੋਕ ਖੇਤੀ ਨਾਲ ਸਿੱਧੇ-ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਇਹ ਆਰਡੀਨੈੱਸ ਖੇਤੀ ਨੂੰ ਅਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। ਉਨ੍ਹਾਂ ਬੀਤੇ ਦਿਨ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਕਰੋਨਾ ਟੈਸਟ ਦੀ ਰਿਪੋਰਟ ਦੁਬਾਰਾ ਪਾਜ਼ੇਟਿਵ ਆ ਗਈ ਹੈ, ਜਿਸ ਕਰਕੇ ਉਹ ਪਾਰਲੀਮੈਂਟ ਨਹੀਂ ਜਾ ਸਕਣਗੇ।
ਕੌਮੀ ਸ਼ਾਹ ਮਾਰਗ ਜਾਮ ਕਰਨਗੇ ਕਿਸਾਨ
ਰਾਜਪੁਰਾ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ 15 ਸਤੰਬਰ ਨੂੰ ਕੌਮੀ ਸ਼ਾਹ ਮਾਰਗ ’ਤੇ ਦੁਪਹਿਰ 12 ਤੋਂ 2 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਦੀ ਤਿਆਰੀ ਸਬੰਧੀ ਕੋਆਰਡੀਨੇਟਰ ਕਮੇਟੀ ਦੀ ਮੀਟਿੰਗ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਗੁਰਮੇਲ ਸਿੰਘ ਬੋਸਰ, ਸੇਵਾ ਸਿੰਘ ਪਨੋਧੀਆਂ, ਦੀਦਾਰ ਸਿੰਘ ਅਮਰਗੜ੍ਹ, ਸੁਰਿੰਦਰਪਾਲ ਸੋਹੀ, ਦਵਿੰਦਰ ਸਿੰਘ ਟਹਿਲਪੁਰਾ, ਗੁਰਬਖਸ਼ ਸਿੰਘ ਬਲਵੇੜਾ ਸਮੇਤ ਇੰਡੀਅਨ ਫਾਰਮਰਜ ਐਸੋਸ਼ੀਏਸਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਭਾਗ ਲਿਆ।