ਪੱਤਰ ਪ੍ਰੇਰਕ
ਲੰਬੀ, 23 ਸਤੰਬਰ
ਲੰਬੀ ਪੁਲੀਸ ਨੇ ਪਿੰਡ ਘੁਮਿਆਰਾ ਵਿਚ ਇੱਕ ਵਿਅਕਤੀ ਨੂੰ ਬੰਨ੍ਹ ਕੇ ਮੂੰਹ ਕਾਲਾ ਕਰ ਕੇ ਪਿੰਡ ’ਚ ਘੁਮਾਉਣ ਦੇ ਮਾਮਲੇ ‘ਚ ਇੱਕ ਔਰਤ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ‘ਚ ਸੁਖਪਾਲ ਸਿੰਘ ਉਰਫ਼ ਬੱਠਲ ਨੇ ਪੁਲੀਸ ਨੂੰ ਦਿੱਤੇ ਬਿਆਨ ‘ਚ ਆਖਿਆ ਕਿ ਕਰੀਬ 6-7 ਦਿਨ ਪਹਿਲਾਂ ਉਸ ਦੀ ਗੁਆਂਢੀ ਰਾਮ ਸਿੰਘ ਨਾਲ ਤਕਰਾਰ ਹੋਈ ਸੀ। ਰਾਮ ਸਿੰਘ ਅਤੇ ਗੋਰੀ ਸਿੰਘ ਉਸ ਨੂੰ ਘਰੋਂ ਲੈ ਗਏ ਅਤੇ ਗਲੀ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। ਸੁਖਪਾਲ ਸਿੰਘ ਅਨੁਸਾਰ ਗੋਰੀ ਸਿੰਘ ਨੇ ਮੂੰਹ ਕਾਲਾ ਕਰ ਕੇ ਉਸ ਨੂੰ ਪਿੰਡ ਵਿੱਚ ਘੁਮਾਇਆ ਅਤੇ ਰਾਮ ਸਿੰਘ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਕਿੱਲਿਆਂਵਾਲੀ ਚੌਕੀ ਦੇ ਮੁਖੀ ਪ੍ਰੇਮ ਚੰਦ ਨੇ ਦੱਸਿਆ ਕਿ ਸੁਖਪਾਲ ਸਿੰਘ ਦੀ ਸ਼ਿਕਾਇਤ ‘ਤੇ ਰਾਮ ਸਿੰਘ, ਗੋਰੀ ਸਿੰਘ, ਜਗਦੇਵ ਸਿੰਘ, ਫੱਤੂ ਸਿੰਘ ਅਤੇ ਇੱਕ ਔਰਤ ਖਿਲਾਫ਼ ਕੇਸ ਦਰਜ ਕੀਤਾ ਹੈ।