ਸੰਯੁਕਤ ਰਾਸ਼ਟਰ, 17 ਸਤੰਬਰ
ਕਰੋਨਾਵਾਇਰਸ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਮੁਲਕਾਂ ਨੂੰ ਲਾਗ ਦੇ ਇਲਾਜ ਲਈ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਜ਼ਿੰਦਗੀਆਂ ਬਚਾਈਆਂ ਜਾ ਸਕਣ। ਗੁਟੇਰੇਜ਼ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਵਾਇਰਸ ਨੂੰ ਹਰਾਉਣ ਲਈ ਇਹ ਕੌਮਾਂਤਰੀ ਭਾਈਚਾਰੇ ਦੇ ਇਕੱਠੇ ਹੋਣ ਦਾ ਵੇਲਾ ਹੈ। ਕਈਆਂ ਨੇ ਵੈਕਸੀਨ ’ਤੇ ਉਮੀਦਾਂ ਲਾਈਆਂ ਹੋਈਆਂ ਹਨ ਪਰ ਮਹਾਮਾਰੀ ’ਚ ਕੋਈ ਵੀ ਰਾਮਬਾਣ ਦਵਾਈ ਨਹੀਂ ਹੈ।
ਸਿਰਫ਼ ਵੈਕਸੀਨ ਨਾਲ ਹੀ ਇਹ ਸੰਕਟ ਹੱਲ ਨਹੀਂ ਹੋਣਾ ਹੈ।’’ ਉਨ੍ਹਾਂ ਕਿਹਾ ਕਿ ਮੁਲਕਾਂ ਨੂੰ ਨਵੇਂ ਅਤੇ ਮੌਜੂਦਾ ਪ੍ਰਬੰਧਾਂ ਦਾ ਵੱਡੇ ਪੱਧਰ ’ਤੇ ਫੈਲਾਅ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਗਲੇ 12 ਮਹੀਨਿਆਂ ’ਚ ਜਾਨਾਂ ਬਚਾਉਣ ਲਈ ਕੋਈ ਇਲਾਜ ਕੱਢ ਸਕਣ। ਗੁਟੇਰੇਜ਼ ਨੇ ਮਹਾਮਾਰੀ ਦੇ ਕਾਬੂ ਤੋਂ ਬਾਹਰ ਹੋਣ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਸ ਸਾਲ 75ਵੀਂ ਵਰ੍ਹੇਗੰਢ ਵੀ ਕਰੋਨਾ ਕਾਰਨ ਨਿਵੇਕਲੀ ਹੋਵੇਗੀ ਅਤੇ 1945 ਦੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਅੱਜ ਦੇ ਐਮਰਜੈਂਸੀ ਵਾਲੇ ਹਾਲਾਤ ਦਾ ਏਕੇ ਅਤੇ ਇਕਜੁੱਟਤਾ ਨਾਲ ਸਾਹਮਣਾ ਕੀਤਾ ਜਾਵੇ। -ਪੀਟੀਆਈ