ਨਵੀਂ ਦਿੱਲੀ: ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅੱਜ ਦੋਸ਼ ਲਾਇਆ ਹੈ ਕਿ ਦਿੱਲੀ ਦੀ ਬਾਰ ਕੌਂਸਲ ਨਿਆਂਪਾਲਿਕਾ ਦੀ ਆਲੋਚਨਾ ਕਰਨ ਤੇ ਖੁੱਲ੍ਹ ਕੇ ਬੋਲਣ ਤੋਂ ਵਕੀਲਾਂ ਨੂੰ ‘ਰੋਕ’ ਰਹੀ ਹੈ। ਭੂਸ਼ਣ ਦੀ ਪ੍ਰਤੀਕਿਰਿਆ ਕੌਂਸਲ ਵੱਲੋਂ ਉਨ੍ਹਾਂ ਨੂੰ 23 ਅਕਤੂਬਰ ਨੂੰ ਪੇਸ਼ ਹੋਣ ਲਈ ਭੇਜੇ ਨੋਟਿਸ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭੂਸ਼ਣ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਗਏ ਸਨ। ਉਨ੍ਹਾਂ ਕਿਹਾ ਕਿ ਵਕੀਲਾਂ ਦਾ ‘ਮੂੰਹ ਬੰਦ’ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਦਿੱਲੀ ਕੌਂਸਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਨਿਆਂਪਾਲਿਕਾ ਵਿਰੁੱਧ ਟਵੀਟਾਂ ਲਈ ਸੁਪਰੀਮ ਕੋਰਟ ਵੱਲੋਂ ਸੁਣਾਈ ਸਜ਼ਾ ਦੇ ਮੱਦੇਨਜ਼ਰ ਵਕੀਲ ਵਜੋਂ ਉਨ੍ਹਾਂ ਦੀ ਰਜਿਸਟਰੇਸ਼ਨ ਕਿਉਂ ਵਾਪਸ ਨਾ ਲਈ ਜਾਵੇ ਤੇ ਕਾਰਵਾਈ ਕਿਉਂ ਨਾ ਆਰੰਭੀ ਜਾਵੇ। ਛੇ ਸਤੰਬਰ ਨੂੰ ਬਾਰ ਕੌਂਸਲ ਆਫ਼ ਇੰਡੀਆ ਨੇ ਦਿੱਲੀ ਕੌਂਸਲ ਨੂੰ ਕਿਹਾ ਸੀ ਕਿ ਭੂਸ਼ਣ ਨੂੰ ਹੋਈ ਸਜ਼ਾ ਦੇ ਮੱਦੇਨਜ਼ਰ ਕਾਨੂੰਨੀ ਪੱਖ ਕੇ ਵਿਚਾਰ ਕੇ ਕੋਈ ਫ਼ੈਸਲਾ ਲਿਆ ਜਾਵੇ। -ਪੀਟੀਆਈ