ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਪੰਜਾਬ ਦੀਆਂ ਪੰਚਾਇਤਾਂ ਨੂੰ ‘ਗ੍ਰਾਮ ਸਭਾ ਬੁਲਾਓ-ਪਿੰਡ ਬਚਾਓ’ ਦਾ ਹੋਕਾ ਦੇ ਕੇ ਗ੍ਰਾਮ ਸਭਾਵਾਂ ਰਾਹੀਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਹੈ। ਇਥੇ ਅੱਜ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਚਾਇਤਾਂ ਨੇ ਗ੍ਰਾਮ ਸਭਾ ਬੁਲਾਉਣ ਲਈ ‘ਵਿਸ਼ੇਸ਼ ਏਜੰਡੇ’ ਤਹਿਤ ਪੰਚਾਂ, ਪੰਚਾਇਤ ਸਕੱਤਰਾਂ ਅਤੇ ਬੀਡੀਪੀਓਜ਼ ਨੂੰ ਨੋਟਿਸ ਭੇਜ ਕੇ ਮੁਨਿਆਦੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨਾਲ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਕਈ ਪਿੰਡਾਂ ਦੇ ਸਰਪੰਚ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਨਾਲ ਸਬੰਧਤ ਬਿੱਲਾਂ ਨੂੰ ਲੋਕ ਸਭਾ ਅਤੇ ਰਾਜ ਸਭਾ ’ਚ ਪਾਸ ਕਰਵਾਇਆ ਹੈ, ਇਹ ਨਾ ਸਿਰਫ਼ ਲੋਕਤੰਤਰ ਦੀ ਹੱਤਿਆ ਹੈ, ਬਲਕਿ ਇਸ ਨਾਲ ਕਿਸਾਨਾਂ ਸਮੇਤ ਖੇਤੀ ਨਾਲ ਜੁੜੇ ਸਾਰੇ ਧੰਦਿਆਂ-ਕਿੱਤਿਆਂ ਨੂੰ ਤਬਾਹ ਕਰਨ ਦਾ ਮੁੱਢ ਵੀ ਬੰਨ੍ਹਿਆ ਗਿਆ ਹੈ। ਅਜਿਹੇ ਮਾਹੌਲ ’ਚ ਕਿਸਾਨੀ ਨੂੰ ਨਿੱਜੀ ਪੂੰਜੀਪਤੀ ਕੰਪਨੀਆਂ ਤੋਂ ਬਚਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾਵਾਂ ਵੱਲੋਂ ਪਾਸ ਕੀਤੇ ਗਏ ਮਤੇ ਭਵਿੱਖ ਵਿੱਚ ਸੁਪਰੀਮ ਕੋਰਟ ਤੱਕ ਅਹਿਮ ਦਸਤਾਵੇਜ਼ਾਂ ਵਜੋਂ ਕੰਮ ਆਉਣਗੇ। ਮਾਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣੇ।
ਤਲਵੰਡੀ ਸਾਬੋ ’ਚ ਬਾਦਲ ਜੋੜੀ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਸਮੇਤ ਹਰ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਕਿਸਾਨੀ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਉਣ। ਪਾਰਟੀ ਦੀਆਂ ਦੋ ਵਿਧਾਇਕ ਬੀਬੀਆਂ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਦਲਾਂ ਦੇ 25 ਸਤੰਬਰ ਨੂੰ ਚੱਕਾ ਜਾਮ ਕਰਨ ਦੇ ਐਲਾਨ ਨੂੰ ਕਿਸਾਨ ਸੰਘਰਸ਼ ਵਿਰੋਧੀ ਦੱਸਿਆ। ਇਸ ਦੌਰਾਨ 24 ਸਤੰਬਰ ਨੂੰ ਤਖ਼ਤ ਦਮਦਮਾ ਸਾਹਿਬ ਆ ਰਹੀ ਸੁਖਬੀਰ-ਹਰਸਿਮਰਤ ਜੋੜੀ ਨੂੰ ਕਾਲੇ ਝੰਡੇ ਵਿਖਾ ਕੇ ‘ਸ਼ਰਮਸਾਰ’ ਕੀਤੇ ਜਾਣ ਦਾ ਪ੍ਰੋਗਰਾਮ ਵੀ ਐਲਾਨਿਆ ਗਿਆ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ‘ਮੈਂ ਇਕ ਕਿਸਾਨ ਦੀ ਬੇਟੀ ਹਾਂ ਅਤੇ ਮੈਂ ਕਿਸੇ ਵੀ ਕੀਮਤ ’ਤੇ ਬਾਦਲਾਂ ਨੂੰ ਪਿੰਡਾਂ ਵਿਚ ਨਹੀਂ ਆਉਣ ਦੇਵਾਂਗੀ’।