ਸੁਪਨਸਾਜ਼
9 ਸਤੰਬਰ ਨੂੰ ਵਿਰਾਸਤ ਪੰਨੇ ਉੱਤੇ ਟ੍ਰਿਬਿਊਨ ਅਦਾਰੇ ਦੇ ਸੰਸਥਾਪਕ ਦਿਆਲ ਸਿੰਘ ਮਜੀਠੀਆ ਬਾਰੇ ਕੁਲਵੰਤ ਰਿਖੀ ਦਾ ਲੇਖ ‘ਆਧੁਨਿਕ ਪੰਜਾਬ ਦਾ ਸੁਪਨਸਾਜ਼ : ਦਿਆਲ ਸਿੰਘ ਮਜੀਠੀਆ’ ਪੜ੍ਹਿਆ। ਇਸ ਵਿਚ ਉਨ੍ਹਾਂ ਦੀਆਂ ਸਿੱਖਿਆ, ਪੁਸਤਕਾਲਾ ਅਤੇ ਅਖ਼ਬਾਰ ਲਈ ਭਾਵਨਾ ਬਾਰੇ ਪਤਾ ਲੱਗਿਆ।
ਬਾਬੂ ਰਾਮ ਦੀਵਾਨਾ, ਮੁਹਾਲੀ
(2)
ਕੁਲਵੰਤ ਰਿਖੀ ਦੇ ਦਿਆਲ ਸਿੰਘ ਮਜੀਠੀਆ ਬਾਰੇ ਲੇਖ ਵਿਚ ਸ਼ੁਰੂ ਵਿਚ ਗੜਬੜ ਹੈ ਕਿ ਲਹਿਣਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ 1797 ਤੋਂ 1799 ਤਕ ਦੀਆਂ ਮੁਹਿੰਮਾਂ ਵਿਚ ਸੱਜੀ ਬਾਂਹ ਸੀ, ਜਦੋਂ ਕਿ ਰਣਜੀਤ ਸਿੰਘ ਦਾ ਜਨਮ 1780 ਦਾ ਹੈ ਅਤੇ ਉਸ ਨੇ 1799 ਵਿਚ ਲਾਹੌਰ ’ਤੇ ਕਬਜ਼ਾ ਕੀਤਾ ਗਿਆ ਸੀ। ਕੰਵਰ ਨੌਨਿਹਾਲ ਜੋ 1821 ਵਿਚ ਜੰਮਿਆ ਸੀ, ਨਾਲ ਪੜ੍ਹਨ ਵਿਚ ਵੀ ਸੱਚਾਈ ਨਹੀਂ ਜਾਪਦੀ। ਇੰਨਾ ਜ਼ਰੂਰ ਹੈ ਕਿ ਉਹ ਗੁੱਜਰ ਸਿੰਘ ਭੰਗੀ ਅਤੇ ਸੂਬਾ ਸਿੰਘ ਨਾਲ ਲਾਹੌਰ ਦਾ ਗਵਰਨਰ 1799 ਤਕ ਰਿਹਾ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਬਹਾਲ ਸਿੰਘ ਦਾ ਖੇਤ ਮਜ਼ਦੂਰਾਂ ਬਾਰੇ ਲੇਖ ਝੰਜੋੜਨ ਵਾਲਾ ਹੈ। ਉਸ ਨੇ ਖੇਤ ਮਜ਼ਦੂਰਾਂ ਦੇ ਪੱਖ ਨੂੰ ਪਹਿਲੀ ਵਾਰ ਸਹੀ ਅਰਥਾਂ ਵਿਚ ਸਮਾਜ ਅੱਗੇ ਰੱਖਿਆ ਹੈ। ਗੁਰਦਾਸ ਰਾਮ ਆਲਮ ਬਾਰੇ ਪਾਸ਼ ਦੀ ਲਿਖਤ ਵੀ ਜਾਣਕਾਰੀ ਭਰਪੂਰ ਸੀ
ਹਰਮੇਸ਼ ਕੁਮਾਰ, ਈਮੇਲ
(3)
ਦਿਆਲ ਸਿੰਘ ਮਜੀਠੀਆ ਬਾਰੇ ਲੇਖ ਪੜ੍ਹ ਕੇ ਕਾਫ਼ੀ ਜਾਣਕਾਰੀ ਮਿਲੀ। ਸੰਸਾਰ ਤੇ ਅਜਿਹੇ ਕਿਰਦਾਰ ਵੀ ਹਨ, ਜਿਨ੍ਹਾਂ ਦੇ ਦਿਲ ਵਿਚ ਸਮਾਜ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਦੀ ਰੀਝ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਕਰੋਨਾ ਅਤੇ ‘ਰੱਬ ਦੀ ਕਰਨੀ’
ਡਾ. ਸ਼ਿਆਮ ਸੁੰਦਰ ਦੀਪਤੀ ਨੇ 4 ਸਤੰਬਰ ਦੇ ਲੇਖ ‘ਕਰੋਨਾਵਾਇਰਸ ਦੀ ਮਹਾਮਾਰੀ : ਤਰਕ ਨਾਲ ਜੁੜੇ ਪ੍ਰਸ਼ਨ’ ਵਿਚ ਤਰਕ ਨਾਲ ਤੱਥ ਸਾਂਝੇ ਕੀਤੇ ਹਨ। ਸਾਨੂੰ ਇਸ ਵਿਗਿਆਨਕ ਅਸਲੀਅਤ ਨੂੰ ਤਸਲੀਮ ਕਰਨ ਵਿਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਕਰੋਨਾ ਮਹਾਮਾਰੀ ਕਾਰਨ ਮੌਤ ਦਾ ਸ਼ਿਕਾਰ ਬਣੇ ਲੱਖਾਂ ਲੋਕਾਂ ਨੂੰ ਬਚਾਉਣ ਲਈ ਦੁਨੀਆ ਦੇ ਕਿਸੇ ਵੀ ‘ਸਰਬਸ਼ਕਤੀਮਾਨ’ ਨੇ ਕੋਈ ‘ਅਖੌਤੀ ਚਮਤਕਾਰ’ ਨਹੀਂ ਦਿਖਾਇਆ ਅਤੇ ਨਾ ਹੀ ਅਲੌਕਿਕ ਮੰਨੇ ਜਾਂਦੇ ਦੁਨੀਆ ਦੇ ਇਤਿਹਾਸਕ ਧਾਰਮਿਕ ਸਥਾਨਾਂ ਅਤੇ ਪੁਜਾਰੀਆਂ ਤੇ ਪ੍ਰਬੰਧਕਾਂ ਨੇ ਆਪਣੇ ਸ਼ਰਧਾਲੂਆਂ ਨੂੰ ਕਿਸੇ ‘ਅਲੌਕਿਕ ਸ਼ਕਤੀ’ ਰਾਹੀਂ ਸਿਹਤਯਾਬ ਕਰਨ ਵਿਚ ਕੋਈ ਭੂਮਿਕਾ ਨਿਭਾਈ ਹੈ। ਇਹ ਵਾਕਈ ਚਿੰਤਾ ਦਾ ਵਿਸ਼ਾ ਹੈ ਕਿ ਬਹੁਗਿਣਤੀ ਲੋਕ ਸਵੇਰ ਤੋਂ ਲੈ ਕੇ ਰਾਤ ਤਕ ਵਿਗਿਆਨ ਦੀਆਂ ਖੋਜੀਆਂ ਸਹੂਲਤਾਂ ਤਾਂ ਇਸਤੇਮਾਲ ਕਰਦੇ ਹਨ ਪਰ ਵਿਗਿਆਨਕ ਸੋਚ ਅਪਣਾ ਕੇ ਤਰਕਸ਼ੀਲ ਬਣਨ ਤੋਂ ਪਤਾ ਨਹੀਂ ਕਿਉਂ ਸੰਕੋਚ ਕਰਦੇ ਹਨ? ਕਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਅਧਿਆਤਮਵਾਦੀ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਣ ਨਾਲ ਉਨ੍ਹਾਂ ਦੀ ਮਾਨਸਿਕਤਾ ਤਰਕ ਵਾਲੀ ਸੋਚ ਵਿਚ ਤਬਦੀਲ ਹੋਈ ਹੈ ਅਤੇ ਧਾਰਮਿਕ ਸਥਾਨਾਂ ਵਿਚ ਦਿਨੋ-ਦਿਨ ਭੀੜ ਘਟ ਰਹੀ ਹੈ। ਇਸ ਲਈ ਕੇਂਦਰੀ ਵਿੱਤ ਮੰਤਰੀ ਵੱਲੋਂ ਕਰੋਨਾ ਨੂੰ ‘ਰੱਬ ਦੀ ਕਰਨੀ’ ਕਹਿ ਕੇ ਮੰਦਹਾਲੀ ਦੇ ਮਾਰੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਹੋਰ ਗੁਮਰਾਹ ਨਹੀਂ ਕੀਤਾ ਜਾ ਸਕਦਾ।
ਦਮਨਜੀਤ ਕੌਰ, ਅੰਮ੍ਰਿਤਸਰ
(2)
ਸਿਹਤ ਤੇ ਸਿੱਖਿਆ ਪੰਨੇ ’ਤੇ ਛਪਿਆ ਡਾ. ਸ਼ਾਮ ਸੁੰਦਰ ਦੀਪਤੀ ਦਾ ਲੇਖ ਕਰੋਨਾ ਮਹਾਮਾਰੀ ਨਾਲ ਜੁੜੇ ਤਰਕਾਂ-ਵਿਤਰਕਾਂ ਦੀ ਪੜਚੋਲ ਕਰਦਾ ਹੈ। ਇਹ ਵਿਗਿਆਨਕ ਸੂਝ ਤੋਂ ਵਿਹੂਣੀ ਲੋਕਾਈ ਦੀ ਮਾਨਸਿਕਤਾ ਦੇ ਕੈਨਵਸ ’ਤੇ ਜੰਮੀ ਧਰਮ ਦੀ ਗ਼ੈਰ-ਵਿਗਿਆਨਕ ਧੁੰਦ ਉੱਪਰ ਕਰਾਰੀ ਚੋਟ ਮਾਰਦਾ ਹੈ। ਜਦੋਂ ਅਜੋਕੇ ਦੌਰ ਵਿਚ ਸਿਹਤ ਵਿਵਸਥਾ ਨਾਲ ਜੁੜੇ ਕੁਝ ਕੁਸ਼ਲ ਡਾਕਟਰ ਵੀ ਇਸ ਬਿਮਾਰੀ ਦਾ ਇਲਾਜ ‘ਹਵਨ’ ਵਰਗੇ ਕਰਮ-ਕਾਡਾਂ ਵਿਚੋਂ ਤਲਾਸ਼ਦੇ ਨਜ਼ਰੀਂ ਪੈਂਦੇ ਹਨ ਤਾਂ ਸਾਡੇ ਸਿੱਖਿਆ ਪ੍ਰਬੰਧ ’ਤੇ ਅਨੇਕਾਂ ਪ੍ਰਸ਼ਨ ਚਿੰਨ੍ਹ ਲਗਦੇ ਹਨ। ਹੁਕਮਰਾਨ ਧਿਰਾਂ ਇਸ ਬਿਮਾਰੀ ਦੇ ਸਹੀ ਇਲਾਜ ਅਤੇ ਆਰਥਿਕ ਖਲਾਅ ਕਾਰਨ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦੀ ਥਾਂ ਆਪਣੀ ਅਸਫ਼ਲਤਾ ਨੂੰ ਕੱਜਣ ਲਈ ਇਸ ਨੂੰ ਧਾਰਮਿਕ ਜਾਂ ਰੱਬ ਦੀ ਰਜ਼ਾ ਦੱਸ ਦੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੀਆਂ ਪ੍ਰਤੀਤ ਹੁੰਦੀਆਂ ਹਨ। ਲੋੜ ਇਸ ਨੂੰ ਤਰਕ ਸੰਗਤ ਤਰੀਕੇ ਨਾਲ ਹੱਲ ਕਰਨ ਦੀ ਹੈ।
ਜਰਨੈਲ ਸਿੰਘ ਟਿਵਾਣਾ, ਬੁਢਲਾਡਾ
(3)
ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਕਰੋਨਾਵਾਇਰਸ ਦੀ ਮਹਾਮਾਰੀ : ਤਰਕ ਨਾਲ ਜੁੜੇ ਪ੍ਰਸ਼ਨ’ ਰਾਹੀਂ ਜਿੱਥੇ ਅਜਿਹੀਆਂ ਮਹਾਮਾਰੀਆਂ ਤੋਂ ਨਿਜਾਤ ਪਾਉਣ ਲਈ ਡਾਕਟਰੀ/ਵਿਗਿਆਨ ਯੋਗਦਾਨ ਦੀ ਤਰਕਪੂਰਨ ਮਿਸਾਲ ਦਿੱਤੀ ਹੈ, ਉੱਥੇ ਮੌਜੂਦਾ ਮਹਾਮਾਰੀ ਨੂੰ ਕਾਬੂ ਕਰਨ ਦੇ ਲਈ ਬਗ਼ੈਰ ਸੋਚੇ-ਸਮਝੇ ਅਪਣਾਏ ਤਰੀਕਿਆਂ ਕਾਰਨ ਨਾ ਸਿਰਫ਼ ਇਸ ਦੇ ਹੋਰ ਵਧਦੇ ਜਾਣ, ਸਗੋਂ ਇਸ ਨਾਲ ਕਰੋੜਾਂ ਲੋਕਾਂ ਦੀ ਆਰਥਿਕ ਹਾਲਤ ਦੀ ਤਬਾਹੀ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਸਰਕਾਰ ਦੇ ਇਸ ਨੂੰ ‘ਰੱਬ ਦੀ ਕਰਨੀ’ ਕਹਿਣ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਇਹ ਸਹੀ ਗੱਲ ਹੈ ਕਿ ਅਜੋਕੇ ਗ਼ੈਰਵਿਗਿਆਨਕ ਮਾਹੌਲ ਵਿਚ ਆਮ ‘ਧਾਰਮਿਕ’ ਬੰਦੇ ਨੇ ਨਾ ਸਿਰਫ਼ ਸਰਕਾਰ ਦੇ ਅਜਿਹੇ ਬਿਆਨਾਂ ’ਤੇ ਕੋਈ ਕਿੰਤੂ-ਪ੍ਰੰਤੂ ਕਰਨਾ ਹੈ, ਸਗੋਂ ਇਸ ਬਿਮਾਰੀ ਤੋਂ ਬਚਣ ਦਾ ਸਿਹਰਾ ਵੀ, ਡਾਕਟਰੀ/ਕਰੋਨਾ ਯੋਧਿਆਂ ਦੇ ਅਣਥੱਕ ਯੋਗਦਾਨ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਆਪਣੇ ਰੱਬ ਦੇ ਸਿਰ ਹੀ ਬੰਨ੍ਹਣਾ ਹੈ।
ਅਮਰਜੀਤ ਵੋਹਰਾ, ਰਾਏਕੋਟ
ਸਿੱਖਿਆ ਵਾਲੀ ਬੇਬਾਕ ਲਿਖਤ
8 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਹੀਰਾ ਸਿੰਘ ਭੂਪਾਲ ਦਾ ਮਿਡਲ ‘ਨੀਂਦ ਫੇਰ ਵੀ ਨਾ ਆਈ’ ਦਿਲਚਸਪ ਅਤੇ ਸਿੱਖਿਆਦਾਇਕ ਲੱਗਿਆ। ਉਨ੍ਹਾਂ ਮੱਧਵਰਗੀ ਅਤੇ ਆਮ ਲੋਕਾਂ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪਾੜੇ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਤਕਰੀਬਨ 3 ਦਹਾਕੇ ਪਹਿਲਾਂ ਤੋਂ ਵੱਧ ਪੁਰਾਣੀ ਯਾਦ ਇਹ ਦੱਸਦੀ ਹੈ ਕਿ ਉਸ ਵੇਲੇ ਵੀ ਅਮੀਰੀ, ਗ਼ਰੀਬੀ ਪ੍ਰਤੱਖ ਸੀ। ਟਿਊਸ਼ਨ ਦਾ ਰਿਵਾਜ ਉਦੋਂ ਕੇਵਲ ਵੱਡੇ ਸ਼ਹਿਰਾਂ ਵਿਚ ਹੁੰਦਾ ਸੀ ਜਦੋਂ ਕਿ ਪਿੰਡਾਂ ਦੇ ਸਰਕਾਰੀ ਸਕੂਲ ਵਿਚ ਪੜ੍ਹੇ ਵਿਦਿਆਰਥੀ ਸ਼ਹਿਰੀਆਂ ਦੇ ਮੁਕਾਬਲੇ ਬਿਨਾ ਟਿਊਸ਼ਨਾਂ ਤੋਂ ਵਧੇਰੇ ਹੋਣਹਾਰ ਹੁੰਦੇ ਸਨ। ਅਮੀਰ ਘਰਾਂ ਦੇ ਵਿਗੜੈਲ ਮੁੰਡੇ ਟਿਊਸ਼ਨਾਂ ਦੇ ਸਹਾਰੇ ਅਤੇ ਡੋਨੇਸ਼ਨਾਂ ਵਰਗੀਆਂ ਮੋਰੀਆਂ ਰਾਹੀਂ ਉੱਚ ਰੁਤਬੇ ਹਾਸਿਲ ਕਰਨ ਵਿਚ ਕਾਮਯਾਬ ਹੋ ਜਾਂਦੇ ਸਨ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)