ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਸਤੰਬਰ
ਨੇੜਲੇ ਪਿੰਡ ਹਾਂਸ ਕਲਾਂ ਵਿੱਚ ਬੀਤੀ ਰਾਤ 9 ਵਜੇ ਗੋਲੀ ਚੱਲਣ ਕਾਰਨ ਇੱਕ ਔਰਤ ਜ਼ਖ਼ਮੀ ਹੋ ਗਈ। ਗੋਲੀ ਚੱਲਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਨਾਲ ਸਬੰਧਿਤ ਕਾਂਤਾ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੁੱਝ ਨੌਜਵਾਨ ਲੰਬੇ ਸਮੇਂ ਤੋਂ ਚਿੱਟੇ ਵੇਚਣ ਦਾ ਧੰਦਾ ਕਰਦੇ ਹਨ, ਜਿਨ੍ਹਾਂ ਦਾ ਵਿਰੋਧ ਸਾਰੇ ਮੁਹੱਲੇ ਦੇ ਲੋਕਾਂ ਸਮੇਤ ਉਨ੍ਹਾਂ ਨੇ ਵੀ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨ ਲਵੀ ਅਤੇ ਉਸ ਦਾ ਪਿਤਾ ਸਰੂਪ ਸਿੰਘ ਉਰਫ ਗੋਰਾ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ।
ਨਸ਼ਾ ਵੇਚਣ ਦਾ ਵਿਰੋਧ ਕਰਨ ਕਾਰਨ ਉਨ੍ਹਾਂ ਦੀ ਇਨ੍ਹਾਂ ਨਾਲ ਲੜਾਈ ਹੋ ਗਈ ਅਤੇ ਉਨ੍ਹਾਂ ਉਸ ਦੇ (ਕਾਂਤਾ ਦੇ) ਘਰਵਾਲੇ ਗੁਰਦੀਪ ਸਿੰਘ ਦੀ ਬਾਂਹ ਤੋੜ ਦਿੱਤੀ ਸੀ। ਇਸ ਕਾਰਨ ਦੋਵਾਂ ਧਿਰਾਂ ਵਿੱਚ ਰੰਜਿਸ਼ ਹੈ। ਕਾਂਤਾ ਨੇ ਦੱਸਿਆ ਕਿ ਬੀਤੀ ਦੇਰ ਉਸਦਾ ਪਰਿਵਾਰ ਆਪਣੇ ਘਰ ਦੇ ਦਰਵਾਜੇ ’ਤੇ ਖੜ੍ਹਾ ਸੀ ਤਾਂ ਲਵੀ ਨੇ ਪਹਿਲਾਂ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ, ਫਿਰ ਰਿਵਾਲਵਰ ਨਾਲ ਪੰਜ ਹਵਾਈ ਫਾਇਰ ਕੀਤੇ, ਜਿਸ ਵਿੱਚ ਉਸ ਦੀ ਚਾਚੀ ਕਰਮਜੀਤ ਕੌਰ ਜ਼ਖ਼ਮੀ ਹੋ ਗਈ। ਉਸ ਨੂੰ ਜ਼ਖਮੀ ਹਾਲਤ ’ਚ ਸਥਾਨਕ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਘਟਨਾ ਦਾ ਪਤਾ ਚੱਲਣ ’ਤੇ ਚੌਕੀਮਾਨ ਚੌਕੀ ਦੇ ਇੰਚਾਰਜ ਰਮਨਪ੍ਰੀਤ ਸਿੰਘ ਹਾਂਸ ਕਲਾਂ ਪਹੁੰਚੇ। ਪੀੜਤ ਪਰਿਵਾਰ ਦੇ ਮੈਂਬਰ ਗੁਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੁਣ ਵੀ ਫੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਸਬ-ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਹੋਈ ਕਰਮਜੀਤ ਕੌਰ ਦੇ ਪਤੀ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਵਿਧਵਾ ਦੇ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ
ਜਗਰਾਉਂ (ਪੱਤਰ ਪ੍ਰੇਰਕ): ਥਾਣਾ ਸਦਰ ਦੇ ਪਿੰਡ ਚੌਂਕੀਮਾਨ ਵਾਸੀ ਵਿਧਵਾ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ਵਿੱਚ ਉਸਦੇ ਸਹੁਰਾ, ਸੱਸ ਅਤੇ ਦਿਉਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਪ੍ਰਭਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿੰਡ ਚੌਂਕੀਮਾਨ ਰੇਲਵੇ ਸਟੇਸ਼ਨ ਨੇੜੇ ਰਹਿੰਦੀ ਹੈ। ਬੀਤੇ ਕੱਲ੍ਹ ਘਰ ’ਚ ਜਬਰੀ ਦਾਖ਼ਲ ਹੋ ਕੇ ਉਸਦਾ ਸਹੁਰਾ ਬਹਾਦਰ ਸਿੰਘ, ਸੱਸ ਊਸ਼ਾ ਰਾਣੀ ਅਤੇ ਦਿਉਰ ਰਮਨਦੀਪ ਦਾਖ਼ਲ ਹੋਏ ਅਤੇ ਉਸਦੀ ਕੁੱਟ-ਮਾਰ ਕੀਤੀ। ਪ੍ਰਭਜੀਤ ਨੇ ਕਿਹਾ ਕਿ ਤਿੰਨੋ ਜਣੇ ਕੁੱਟ-ਮਾਰ ਕਰਦਿਆਂ ਉਸ ਵੱਲੋਂ ਕੀਤਾ ਕੋਰਟ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ। ਚੌਕੀ ਇੰਚਾਰਜ ਸਬ-ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।