ਸ਼ਸ਼ੀਪਾਲ ਜੈਨ
ਖਰੜ, 10 ਸਤੰਬਰ
ਖਰੜ ਸਦਰ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 9 ਲੱਖ 18 ਹਜ਼ਾਰ 600 ਰੁਪਏ ਦੇ ਜਾਅਲੀ ਭਾਰਤੀ ਕਰੰਸੀ ਅਤੇ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤੀ ਜਾਂਦੀ ਸਮੱਗਰੀ ਬਰਾਮਦ ਕੀਤੀ ਹੈ। ਇਸ ਸਮੱਗਰੀ ਵਿੱਚ ਦੋ ਪ੍ਰਿੰਟਰ ਅਤੇ ਸਕੈਨਰ, ਪ੍ਰਿੰਟਰ ਵਿੱਚ ਪੈਣ ਵਾਲੀ ਸਿਆਹੀ ਦੀਆਂ ਖਾਲੀ ਸ਼ੀਸ਼ੀਆਂ ਆਦਿ ਸ਼ਾਮਲ ਹਨ।
ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਐੱਸ.ਪੀ. (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ, ਡੀ.ਐੱਸ.ਪੀ (ਖਰੜ) ਪਾਲ ਸਿੰਘ ਅਤੇ ਖਰੜ ਸਦਰ ਥਾਣੇ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਖਬਰੀ ਦੇ ਆਧਾਰ ’ਤੇ 8 ਸਤੰਬਰ ਨੂੰ ਜਗਤਾਰ ਸਿੰਘ ਤਾਰੀ ਅਤੇ ਉਸ ਦੀ ਪਤਨੀ ਪਾਰਬਤੀ ਦੇਵੀ ਵਾਸੀਆਨ ਬਾਮਣਮਾਜਰਾ ਖ਼ਿਲਾਫ਼ ਧਾਰਾ 489-ਬੀ ਅਤੇ ਸੀ ਅਧੀਨ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਊਪਰੋਕਤ ਦੋਹਾਂ ਮੁਲਜ਼ਮਾਂ ਨੂੰ ਦਾਊਮਾਜਰਾ ਬੱਸ ਅੱਡੇ ਕੋਲੋਂ ਕਾਬੂ ਕੀਤਾ ਗਿਆ ਅਤੇ ਊਨ੍ਹਾਂ ਕੋਲੋਂ 6 ਲੱਖ 26 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਜਾਅਲੀ ਕਰੰਸੀ ਸਬਧੀ ਕੇਸ ਦਰਜ ਹਨ। ਇਨ੍ਹਾਂ ਦੋਨਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ 14 ਸਤੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਜ਼ਿਲ੍ਹਾ ਲੁਧਿਆਣਾ ਅਤੇ ਕਮਲੇਸ਼ ਸ਼ਰਮਾ ਨਾਂ ਦੀ ਔਰਤ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਜਸਪ੍ਰੀਤ ਸਿੰਘ ਉਰਫ਼ ਜੱਸੀ ਨੂੰ ਪਿੰਡ ਸੰਤੇਮਾਜਰਾ ਕੋਲੋਂ ਗ੍ਰਿਫਤਾਰ ਕੀਤਾ ਅਤੇ ਉਸ ਕੋਲੋ 1 ਲੱਖ 56 ਹਜ਼ਾਰ 400 ਰੁਪਏ ਦੀ ਜਾਅਲੀ ਕਰੰਸੀ ਅਤੇ ਹੋਰ ਸਾਮਾਨ ਬਰਾਮਦ ਕੀਤਾ। ਇੰਜ ਹੀ ਕਮਲੇਸ ਸ਼ਰਮਾ ਵਾਸੀ ਸਰਹਿੰਦ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 1 ਲੱਖ 36 ਹਜ਼ਾਰ 200 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ।
ਅਸਲੀ ਨੋਟਾਂ ਬਦਲੇ ਦਿੰਦੇ ਸਨ ਦੁੱਗਣੀ ਜਾਅਲੀ ਕਰੰਸੀ
ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਊਹ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਰਹੇ ਹਨ ਅਤੇ ਅਸਲ ਭਾਰਤੀ ਕਰੰਸੀ ਸੈਂਪਲ ਵੱਜੋ ਦਿੰਦੇ ਸਨ ਅਤੇ ਤਸੱਲੀ ਕਰਨ ਲਈ ਕਹਿੰਦੇ ਸਨ। ਇਸ ਉਪਰੰਤ ਊਹ ਆਪਣੇ ਗਾਹਕ ਪ੍ਰਤੀ ਭਰੋਸਾ ਕਾਇਮ ਕਰਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਦੇ ਦੁੱਗਣੇ ਨੋਟ ਦੇ ਦਿੰਦੇ ਸਨ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਊਨ੍ਹਾਂ ਦੇ ਹੋਰ ਕੌਣ-ਕੌਣ ਗਾਹਕ ਹਨ ਅਤੇ ਕਿਸ-ਕਿਸ ਥਾਂ ’ਤੇ ਜਾਅਲੀ ਨੋਟ ਚਲਾਏ ਹਨ।
ਸ਼ਟਰਿੰਗ ਪਲੇਟਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਕਾਬੂ
ਡੇਰਾਬੱਸੀ (ਹਰਜੀਤ ਸਿੰਘ): ਬਰਵਾਲਾ ਸੜਕ ’ਤੇ ਪਟਿਆਲਾ ਕੰਪਲੈਕਸ ਵਿੱਚੋ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ 30 ਸਾਲਾਂ ਦੇ ਲਛਮਣ ਅਤੇ 29 ਸਾਲਾਂ ਦੀ ਆਰਤੀ ਵਾਸੀ ਢੇਹਾ ਬਸਤੀ ਲਾਲੜੂ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਠੇਕੇਦਾਰ ਮੁਕੇਸ਼ ਕੁਮਾਰ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਬਰਵਾਲਾ ਸੜਕ ’ਤੇ ਉਹ ਇਮਾਰਤਾਂ ਦੀ ਉਸਾਰੀ ਦਾ ਕੰਮ ਕਰਦਾ ਹੈ। ਲੰਘੇ ਕਈ ਦਿਨਾਂ ਤੋਂ ਉਥੋਂ ਸਾਮਾਨ ਚੋਰੀ ਹੋ ਰਿਹਾ ਸੀ। ਇਸ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਸਟਰਿੰਗ ਪਲੇਟਾਂ ਅਤੇ ਆਟੋ ਸਮੇਤ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।