ਕਰਾਰੀ ਸੱਟ
10 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦੀ ਰਚਨਾ ‘ਗੋਪੀਏ ਵਾਲਾ ਬੋਘਾ’ ਪੜ੍ਹ ਕੇ ਮਨ ਸੋਚੀਂ ਪੈ ਗਿਆ ਕਿ ਲੇਖਕ ਨੇ ਕਿਵੇਂ ਰਚਨਾ ਦੇ ਪਾਤਰ ਮੂੰਹੋਂ ਸਮਾਜ ਵਿਚ ਜਾਤੀ ਵਿਤਕਰਾ, ਅਜੋਕੇ ਗੀਤਕਾਰਾਂ ਤੇ ਗਾਇਕਾਂ ਰਾਹੀਂ ਭੜਕਾਊ ਅਸ਼ਲੀਲ ਗਾਇਕੀ ਦਾ ਬੋਲਬਾਲਾ, ਅਜੋਕੀ ਕਿਸਾਨੀ, ਬੇਰੁਜ਼ਗਾਰ ਅਤੇ ਮਿਹਨਤਕਸ਼ ਲੋੜਵੰਦਾਂ ਦੀ ਤ੍ਰਾਸਦੀ ਨੂੰ ਬਿਆਨ ਕਰ ਦਿੱਤਾ ਹੈ ਅਤੇ ਇਸ ਵਰਤਾਰੇ ਲਈ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਦੇ ਲੋਕ ਮਾਰੂ ਰਵੱਈਏ ’ਤੇ ਕਰਾਰੀ ਸੱਟ ਮਾਰੀ ਏ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਖੇਤ ਮਜ਼ਦੂਰਾਂ ਦਾ ਜਾਤੀ-ਜਮਾਤੀ ਪੱਖ
9 ਸਤੰਬਰ ਦੇ ਨਜ਼ਰੀਆ ਪੰਨੇ ਉੱਤੇ ਬਹਾਲ ਸਿੰਘ ਨੇ ਆਪਣੇ ਲੇਖ ‘ਹੱਡ ਰਗੜਾਉਂਦੇ ਅਤੇ ਫ਼ਤਵੇ ਝੱਲਦੇ ਖੇਤ ਮਜ਼ਦੂਰ’ ਵਿਚ ਖੇਤ ਮਜ਼ਦੂਰਾਂ ਦੇ ਮਸਲਿਆਂ ਨੂੰ ਜਾਤੀ ਤੇ ਜਮਾਤੀ ਦ੍ਰਿਸ਼ਟੀਕੋਣ ਤੋਂ ਸਹੀ ਨਿਸ਼ਾਨਦੇਹੀ ਕੀਤੀ ਹੈ। ਲੇਖ ਵਿਚੋਂ ਮਜ਼ਦੂਰਾਂ ਦੁਆਰਾ ਹੱਡੀ ਹੰਡਾਏ ਸੰਤਾਪ ਦੀ ਤਸਵੀਰ ਉੱਭਰਦੀ ਹੈ। ਇਸ ਬਾਰੇ ਜਿੱਥੇ ਹੋਰ ਗੰਭੀਰ ਖੋਜ ਦੀ ਲੋੜ ਹੈ, ਉੱਥੇ ਮਜ਼ਦੂਰਾਂ ਨੂੰ ਜਥੇਬੰਦ ਕਰ ਕੇ ਤਬਦੀਲੀ ਲਈ ਸਰਗਰਮ ਉੱਦਮ ਦੀ ਵੀ ਲੋੜ ਹੈ।
ਨਰਿੰਦਰ ਸਿੰਘ ਸੰਧੂ, ਈਮੇਲ
(2)
ਬਹਾਲ ਸਿੰਘ ਦਾ ਲੇਖ ‘ਹੱਡ ਰਗੜਾਉਂਦੇ ਅਤੇ ਫ਼ਤਵੇ ਝੱਲਦੇ ਖੇਤ ਮਜ਼ਦੂਰ’ ਸਮਾਜ ਦੇ ਸਾਧਨਾਂ ਵਾਲੇ ਤਬਕੇ ਦੀ ਸਾਧਨ-ਵਿਹੂਣੇ ਤਬਕੇ ਪ੍ਰਤੀ ਮਾਨਸਿਕਤਾ ਦਾ ਅਮਲੀ ਵਿਹਾਰ ਬਿਆਨਦਾ ਹੈ। ਖੱਬੇ-ਪੱਖੀ ਜਥੇਬੰਦੀਆਂ ਅਤੇ ਗੁਰੂਆਂ ਦੀ ਵਿਚਾਰਧਾਰਾ ’ਤੇ ਵੀ ਇਹੀ ਤਬਕਾ ਕਾਬਜ਼ ਹੈ ਅਤੇ ਉਹੋ ਜਿਹੀ ਮਾਨਸਿਕਤਾ ਵਾਲਾ ਹੀ ਹੈ। ਬਹੁਤੇ ਬੁੱਧੀਜੀਵੀਆਂ ਦੀ ਮਾਨਸਿਕਤਾ ਨੂੰ ਵੀ ਜਨਮ-ਜਾਤ ਦਾ ਗ੍ਰਹਿਣ ਲੱਗਿਆ ਹੋਇਆ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
(3)
‘ਹੱਡ ਰਗੜਾਉਂਦੇ ਅਤੇ ਫ਼ਤਵੇ ਝੱਲਦੇ ਖੇਤ ਮਜ਼ਦੂਰ’ ਲੇਖ ਹਕੀਕਤ ਦੇ ਬਿਲਕੁਲ ਨੇੜਿਓਂ ਖਿੱਚੀ ਤਸਵੀਰ ਹੈ। ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਦੇ ਬਾਵਜੂਦ ਖੇਤ ਮਜ਼ਦੂਰਾਂ ਨਾਲ ਜਾਤ-ਪਾਤ, ਆਰਥਿਕ ਅਤੇ ਸਮਾਜਿਕ ਵਿਤਕਰਾ ਵਧ ਰਿਹਾ ਹੈ। ਲੇਖਕ ਨੇ ਠੀਕ ਲਿਖਿਆ ਹੈ ਕਿ ਬੁੱਧੀਜੀਵੀਆਂ ਅਤੇ ਯੂਨੀਵਰਸਿਟੀਆਂ ਨੇ ਹੁਣ ਤਕ ਪਾਏ ਯੋਗਦਾਨ ਦਾ ਸਹੀ ਮੁਲੰਕਣ ਨਹੀਂ ਕੀਤਾ ਸਗੋਂ ਖੇਤੀ ਲਾਗਤਾਂ ਵਿਚ ਇਕ ਸੰਦ ਵਾਂਗ ਉਸ ’ਤੇ ਹੋਣ ਵਾਲੇ ਖ਼ਰਚੇ ਨੂੰ ਹੀ ਵਿਚਾਰਿਆ ਹੈ।
ਅੰਮ੍ਰਿਤਪਾਲ ਮਾੜੀ, ਜੀਵਨ ਮਹਿਰਾਜ (ਬਠਿੰਡਾ)
(4)
ਬਹਾਲ ਸਿੰਘ ਨੇ ਆਪਣੇ ਲੇਖ ਵਿਚ ਦੇਸੀ ਮਜ਼ਦੂਰਾਂ ਦੇ ਸ਼ੋਸ਼ਣ ਦੀ ਗੱਲ ਖ਼ੂਬ ਕੀਤੀ ਹੈ ਪਰ ਪਰਵਾਸੀ ਕਿਰਤੀਆਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨਾਲ ਸ਼ੋਸ਼ਣ ਦਾ ਇਹ ਵਰਤਾਰਾ ਚਿਰਾਂ ਤੋਂ ਚੱਲ ਰਿਹਾ ਹੈ। ਲੇਖਕ ਨੇ ਸਹੀ ਲਿਖਿਆ ਕਿ ਮਜ਼ਦੂਰ ਜੀਵਤ ਪ੍ਰਾਣੀ ਹੈ। ਸਮਾਜ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਰਤੀਆਂ ਨੂੰ ਖੇਤੀ ’ਚ ਅਹਿਮ ਧਿਰ ਮੰਨ ਕੇ ਮਿਹਨਤਾਨਾ ਤੈਅ ਕਰਨ ਤਾਂ ਕਿ ਖੇਤ ਮਜ਼ਦੂਰ ਵੀ ਇੱਜ਼ਤ ਵਾਲੀ ਜ਼ਿੰਦਗੀ ਜੀਅ ਸਕਣ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਸਿਆਸਤਦਾਨਾਂ ਦਾ ਸਵਾਰਥ
7 ਸਤੰਬਰ ਦਾ ਮਿਡਲ ‘ਵੋਟ ਦੀ ਕੀਮਤ’ (ਲੇਖਕ ਮੋਹਨ ਸ਼ਰਮਾ) ਜ਼ਮੀਰ ਜਗਾਉਣ ਵਾਲਾ ਹੈ। ਸਿਆਸਤਦਾਨਾਂ ਕੋਲ ਨਿੱਜੀ ਸਵਾਰਥ ਅਤੇ ਝੂਠੇ ਲਾਰਿਆਂ ਤੋਂ ਬਿਨਾ ਕੁਝ ਨਹੀਂ। ਕਰੋਨਾ ਸੰਕਟ ਕਾਲ ਦੌਰਾਨ ਹੋਰਨਾਂ ਮੁਲਕਾਂ ਦੇ ਮੁਕਾਬਲੇ ਨਜ਼ਰ ਮਾਰੀ ਜਾਵੇ ਤਾਂ ਸਾਡੇ ਦੇਸ਼ ਵਿਚ ਸਰਕਾਰਾਂ ਦੀ ਜ਼ਿੰਮੇਵਾਰੀ ਸਿਫ਼ਰ ਰਹੀ ਹੈ। ਗ਼ਰੀਬ ਆਦਮੀ ਨੂੰ ਉਸ ਦੇ ਹਾਲ ’ਤੇ ਛੱਡ ਦਿੱਤਾ ਗਿਆ। ਇਸ ਸਮੇਂ ਵੀ ਵੋਟਾਂ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਨਾਗਰਿਕਾਂ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਵੋਟਰ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜਾਗਰੂਕ ਨਾਗਰਿਕ ਹੀ ਟੇਢੇ ਹੋਏ ਸਿਆਸਤਦਾਨਾਂ ਨੂੰ ਸਿੱਧੇ ਰਾਹ ਪਾ ਸਕਦਾ ਹੈ।
ਮਨਦੀਪ ਕੌਰ, ਲੁਧਿਆਣਾ
ਜਨਤਾ ਦੇ ‘ਮਨ ਕੀ ਬਾਤ’
8 ਸਤੰਬਰ ਦਾ ਸੰਪਾਦਕੀ ‘ਪਸੰਦ, ਨਾਪਸੰਦ’ ਪੜ੍ਹ ਕੇ ਲੱਗਿਆ ਕਿ ਭਾਜਪਾ ਸਰਕਾਰ ਨੂੰ ਆਪਣੀ ਆਲੋਚਨਾ ਸੁਣਨਾ ਪਸੰਦ ਨਹੀਂ। ਇਸੇ ਲਈ ਉਹ ਹਰ ਵਾਰ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਕੁਝ ਲੋਕ ਪ੍ਰਧਾਨ ਮੰਤਰੀ ਦੀ ਹਰ ਗੱਲ ਸਿਰ ਮੱਥੇ ਰੱਖਦੇ ਹਨ ਜਦਕਿ ਹਕੀਕਤ ਇਹ ਹੈ ਕਿ ਕਰੋਨਾ ਕਾਰਨ ਆਈ ਮੰਦੀ ਕਰ ਕੇ ਲੋਕ ਬਹੁਤ ਲਾਚਾਰ ਅਤੇ ਬੇਵਸ ਹਨ। ਜੇਕਰ ਇਸ ਸਮੇਂ ਵੀ ਸਾਡੇ ਆਗੂ ਲੋਕ ਮੁੱਦਿਆਂ ਦੀ ਥਾਂ ਹੋਰ ਗ਼ੈਰਜ਼ਰੂਰੀ ਮੁੱਦਿਆਂ ਬਾਰੇ ਵਿਚਾਰ ਕਰਨਗੇ ਤਾਂ ਲੋਕਾਂ ਵੱਲੋਂ ਵਿਰੋਧ ਪ੍ਰਗਟਾਉਣਾ ਲਾਜ਼ਮੀ ਹੈ। ਇਸ ਅਸਲ ਵਿਚ ਲੋਕਾਂ ਦੇ ‘ਮਨ ਕੀ ਬਾਤ’ ਹੈ। ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰੇ।
ਸ਼ਬੀਨਾ ਸਿੰਗਲਾ, ਸ੍ਰੀ ਮੁਕਤਸਰ ਸਾਹਿਬ