ਖੇਤਰੀ ਪ੍ਰਤੀਨਿਧ
ਬਰਨਾਲਾ, 17 ਜੁਲਾਈ
ਇੱਥੇ ਡੇਰਾ ਬਾਬਾ ਟੇਕ ਦਾਸ ਸੰਘੇੜਾ ਵਿੱਚ ਇੱਕ ਸਮਾਗਮ ਦੌਰਾਨ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਮੈਂਬਰ ਤੇ ਪੰਜਾਬੀ ਸਾਹਿਤਕਾਰ ਬੂਟਾ ਸਿੰਘ ਚੌਹਾਨ ਦਾ ਸਨਮਾਨ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਅਤੇ ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਲੇਖਕ ਚੌਹਾਨ ਨੂੰ ‘ਸੰਤ ਮਾਧਵਾ ਨੰਦ ਯਾਦਗਾਰੀ ਐਵਾਰਡ’ ਨਾਲ ਪ੍ਰਬੰਧਕ ਮੁਖੀ ਮਹੰਤ ਸੁਖਦੇਵ ਮੁਨੀ ਵੱਲੋਂ ਸਨਮਾਨਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਨਮਾਨ ਵਿਚ ਇਕਵੰਜਾ ਸੌ ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। ਸਮਾਗਮ ਦੌਰਾਨ ਭੁਪਿੰਦਰ ਸਿੰਘ ਬੇਦੀ (ਡਾ.) ਨੇ ਸ੍ਰੀ ਚੌਹਾਨ ਬਾਰੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਚਾਰ ਨਾਵਲ, ਚਾਰ ਗ਼ਜ਼ਲ ਸੰਗ੍ਰਹਿ, ਚਾਰ ਬਾਲ ਪੁਸਤਕਾਂ, ਪੰਜ ਅਨੁਵਾਦਿਤ ਪੁਸਤਕਾਂ ਸਣੇ 22 ਪੁਸਤਕਾਂ ਛਪ ਚੁੱਕੀਆਂ ਹਨ ਅਤੇ ਕੁਝ ਪੁਸਤਕਾਂ ਛਪਣ ਅਧੀਨ ਹਨ। ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਮਹਿੰਦਰ ਸਿੰਘ ਰਾਹੀ ਤੇ ਮਨਜੀਤ ਸਾਗਰ ਆਦਿ ਲਿਖਾਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡੇਰਾ ਸੰਚਾਲਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਾਹਿਤ ਨੂੰ ਉਚਾਈਆਂ ਵੱਲ ਲਿਜਾਣਾ ਹੈ। ਇਸ ਸਮਾਗਮ ਵਿੱਚ ਸ਼ਿਰਕਤੀ ਲੇਖਕਾਂ ਦਾ ਵੀ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਉਪਰੰਤ ਬਾਬਾ ਸੁਖਦੇਵ ਮੁਨੀ ਨੇ ਸਭਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨਾ ਤੇਜਾ ਸਿੰਘ ਤਿਲਕ ਨੇ ਨਿਭਾਈ। ਇਸ ਮੌਕੇ ਰਾਮ ਸਰੂਪ ਸ਼ਰਮਾ, ਡਾ. ਹਰਿਭਗਵਾਨ, ਸਿਮਰਜੀਤ ਕੌਰ ਬਰਾੜ, ਮਨਦੀਪ ਕੁਮਾਰ, ਰਘਬੀਰ ਸਿੰਘ ਗਿੱਲ ਕੱਟੂ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਪਾਠਕ ਭਰਾਵਾਂ ਸਤਿਨਾਮ ਪਾਠਕ, ਮਿੱਠੂ ਪਾਠਕ ਤੇ ਪ੍ਰੀਤ ਪਾਠਕ ਨੇ ਕਵੀਸ਼ਰੀ ਰਾਹੀਂ ਰੰਗ ਬੰਨ੍ਹਿਆ। ਲਛਮਣ ਮੁਸਾਫ਼ਿਰ ਨੇ ਚੌਹਾਨ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ।