ਪੱਤਰ ਪ੍ਰੇਰਕ
ਮਾਨਸਾ, 17 ਜੁਲਾਈ
ਪੰਜਾਬ ਕਿਸਾਨ ਯੂਨੀਅਨ ਨੇ ਪਾਵਰਕੌਮ ਦੇ ਮਾਨਸਾ ਸਥਿਤ ਦਫ਼ਤਰ ਅੱਗੇ ਧਰਨਾ ਲਾਇਆ ਹੈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪਿੰਡ ਸੱਦਾ ਸਿੰਘ ਵਾਲਾ ਦੇ ਇੱਕ ਕਿਸਾਨ ਲਾਭ ਸਿੰਘ ਦੇ ਪਾਵਰਕੌਮ ਵੱਲੋਂ ਗ਼ਲਤ ਕੁਨੈਕਸ਼ਨ ਕੱਟਿਆ ਗਿਆ ਹੈ। ਇਸ ਕਾਰਨ ਉਸ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਲੱਗਿਆ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੀੜਤ ਕਿਸਾਨ ਵੱਲੋਂ ਚਾਰ ਸਾਲ ਪਹਿਲਾਂ ਆਪਣੇ ਖੇਤ ਵਿੱਚ ਲੱਗੀ ਟਿਊਬਵੈਲ ਮੋਟਰ ਦੀ ਤਬਦੀਲੀ ਲਈ ਬਣਦੀ ਰਕਮ ਭਰੀ ਗਈ ਸੀ। ਹੁਣ ਅਚਾਨਕ ਹੀ ਐੱਸਡੀਓ ਮਾਨਸਾ ਵੱਲੋਂ ਕਿਸਾਨ ਉੱਪਰ ਚੋਰੀ ਦਾ ਕੇਸ ਦਰਜ ਕਰਵਾ ਕੇ 1 ਲੱਖ 20 ਹਜ਼ਾਰ ਰੁਪਏ ਦਾ ‘ਅਸਟੀਮੇਟ ਬਿੱਲ’ ਭਰਨ ਦਾ ਹੁਕਮ ਜਾਰੀ ਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਤੋਂ ਰਿਕਾਰਡ ਮੰਗਿਆ ਤਾਂ ਅਧਿਕਾਰੀਆਂ ਨੇ ਪਾਣੀ ਵਿੱਚ ਡੁੱਬਣ ਦਾ ਪੱਲਾ ਝਾੜ ਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੋਟਰ ਦਾ ਕੁਨੈਕਸ਼ਨ ਤੁਰੰਤ ਜੁੜਵਾਇਆ ਜਾਵੇ ਤੇ ਕੇਸ ਰੱਦ ਕੀਤਾ ਜਾਵੇ।
ਇਸ ਮੌਕੇ ਗੁਰਮੁਖ ਸਿੰਘ, ਜਗਤਾਰ ਸਿੰਘ, ਸੁਖਚਰਨ ਦਾਨੇਵਾਲੀਆ, ਕਰਨੈਲ ਸਿੰਘ, ਗੁਰਦੀਪ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਜੀਤ ਸਿੰਘ ਤੇ ਬਲਦੇਵ ਸਿੰਘ ਨੇ ਵੀ ਸੰਬੋਧਨ ਕੀਤਾ।