ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੁਲਾਈ
ਵਾਹਨਾਂ ਦੀ ਪਾਸਿੰਗ ਨਾ ਹੋਣ ਕਾਰਨ ਪ੍ਰੇਸ਼ਾਨ ਸ਼ਹਿਰ ਦੇ ਕਈ ਟਰਾਂਸਪੋਰਟਰਾਂ ਨੇ ਆਰਟੀਏ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਟਰਾਂਸਪੋਰਟਰ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਟਰਾਂਸਪੋਰਟਰ ਉੱਥੇ ਬੈਠ ਗਏ ਤੇ ਉਨ੍ਹਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇੰਨੇ ਸਮੇਂ ਤੱਕ ਉਨ੍ਹਾਂ ਦੇ ਵਹਾਨਾਂ ਦੀ ਪਾਸਿੰਗ ਨਹੀਂ ਹੁੰਦੀ ਤੇ ਕਾਗਜ਼ਾਤ ਪੂਰੇ ਨਾ ਹੋਣ ’ਤੇ ਪੁਲੀਸ ਮੋਟੇ ਚਲਾਨ ਕੱਟ ਦਿੰਦੀ ਹੈ। ਇਸ ਕਾਰਨ ਉਨ੍ਹਾਂ ਦੇ ਵਾਹਨ ਸੜਕਾਂ ’ਤੇ ਚੱਲਣ ਯੋਗ ਨਹੀਂ ਰਹਿੰਦੇ ਤੇ ਉਨ੍ਹਾਂ ਨੂੰ ਕਿਸ਼ਤਾਂ ਬਿਨਾਂ ਕੰਮ ਦੇ ਚੁਕਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਾਲ ਮਟੋਲ ’ਚ ਹੀ ਕਰੀਬ ਇੱਕ ਡੇਢ ਮਹੀਨਾ ਨਿਕਲ ਗਿਆ, ਪਰ ਵਾਹਨਾਂ ਦੀ ਪਾਸਿੰਗ ਨਹੀਂ ਹੋਈ। ਕਰੀਬ 1 ਘੰਟੇ ਬਾਅਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਟਰਾਂਸਪੋਰਟਰਾਂ ਨੂੰ ਜਲਦੀ ਪਾਸਿੰਗ ਦੀ ਪੈਡੈਂਸੀ ਕਲੀਅਰ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ।
ਸ਼ਹਿਰ ਦੇ ਟਰਾਂਸਪੋਰਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਸਾਰਿਆਂ ਨੇ ਕਾਗਜ਼ਾਤ ਜਮ੍ਹਾਂ ਕਰਵਾ ਰੱਖੇ ਹਨ ਤਾਂ ਕਿ ਪਾਸਿੰਗ ਕਰਵਾ ਸਕਣ ਤੇ ਵਾਹਨ ਪਾਸ ਹੋ ਸਕੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਟੈਕਸ ਭਰਨ ਨੂੰ ਤਿਆਰ ਹਨ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਸ ਤੋਂ ਬਾਅਦ ਵੀ ਉਨ੍ਹਾਂ ਦੇ ਵਾਹਨਾਂ ਦੀ ਪਾਸਿੰਗ ਨਹੀਂ ਕੀਤੀ ਜਾ ਰਹੀ। ਜੇਕਰ ਉਨ੍ਹਾਂ ਦੇ ਕਿਸੇ ਕਾਗਜ਼ਾਤ ’ਚ ਕੋਈ ਪ੍ਰੇਸ਼ਾਨੀ ਹੈ ਤਾਂ ਉਸ ਨੂੰ ਪਾਬੰਦੀ ਲਾ ਕੇ ਦਿੱਤਾ ਜਾਵੇ। ਵਾਹਨ ਚੱਲ ਨਹੀਂ ਰਹੇ ਤੇ ਬਿਨਾਂ ਵਾਹਨ ਚਲਾਏ ਉਨ੍ਹਾਂ ਨੂੰ ਕਿਸ਼ਤਾਂ ਭਰਨ ’ਚ ਦਿੱਕਤ ਹੋ ਰਹੀ ਹੈ, ਜਿਸ ਕਾਰਨ ਉਹ ਕਰਜ਼ੇ ਦੇ ਬੋਝ ਹੇਠ ਆ ਰਹੇ ਹਨ। ਅਧਿਕਾਰੀ ਉਨ੍ਹਾਂ ਨੂੰ ਰੋਜ਼ਾਨਾ ਟਾਲ ਮਟੋਲ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਵਰਗੇ ਵੱਡੇ ਸ਼ਹਿਰ ’ਚ ਕੰਮ ਕਰਨ ਵਾਲੇ ਅਧਿਕਾਰੀ ਲਾਏ ਜਾਣ ਤਾਂ ਕਿ ਲੋਕਾਂ ਦੀ ਪ੍ਰੇਸ਼ਾਨੀ ਹੱਲ ਹੋ ਸਕੇ।