ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਡੀਏਵੀ ਸਕੂਲ ਮਾਨਸਾ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਣ ਲਈ ਅੱਠਵੀਂ ਜਮਾਤ ਲਈ ਨੈਤਿਕ ਸਿੱਖਿਆ ’ਤੇ ਆਧਾਰਿਤ ਕੁਇਜ਼ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ’ਚ ਲਿਖਤੀ ਪ੍ਰੀਖਿਆ ਲਈ ਗਈ ਅਤੇ 150 ਬੱਚਿਆਂ ਵਿੱਚੋਂ 24 ਬੱਚਿਆਂ ਦੀ ਚੋਣ ਕੀਤੀ ਗਈ, ਦੂਜੇ ਪੜਾਅ ਵਿੱਚ ਚੁਣੇ ਗਏ ਬੱਚਿਆਂ ਦੀ ਮੁੜ ਲਿਖਤੀ ਪ੍ਰੀਖਿਆ ਲਈ ਗਈ ਅਤੇ ਇਨ੍ਹਾਂ ਵਿੱਚੋਂ 12 ਬੱਚਿਆਂ ਨੂੰ ਤੀਜੇ ਪੜਾਅ ਲਈ ਦਾਖਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ 12 ਬੱਚਿਆਂ ਨੂੰ ਤਿੰਨ ਟੀਮਾਂ ਵਿੱਚ ਵੰਡਿਆ ਗਿਆ ਅਤੇ ਉਨ੍ਹਾਂ ਨੂੰ ਆਰੀਆ ਸਮਾਜ ਦੀਆਂ ਮਹਾਨ ਸ਼ਖ਼ਸੀਅਤਾਂ ਸਵਾਮੀ ਦਯਾਨੰਦ, ਸਵਾਮੀ ਸ਼ਰਧਾਨੰਦ ਅਤੇ ਮਹਾਤਮਾ ਹੰਸਰਾਜ ਦੇ ਨਾਂ ਦਿੱਤੇ ਗਏ। ਇਸ ਕੁਇਜ਼ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਵਿੱਚ ਮਨੁੱਖੀ ਕਦਰਾਂ-ਕੀਮਤਾਂ, ਨੈਤਿਕਤਾ, ਤਰਕਸ਼ੀਲ ਸੋਚ, ਪੜ੍ਹਨ ਦੇ ਹੁਨਰ ਅਤੇ ਸੁਣਨ ਦੇ ਹੁਨਰ ਨੂੰ ਵਿਕਸਿਤ ਕਰਨਾ ਹੈ।ਇਸ ਮੁਕਾਬਲੇ ਰਾਹੀਂ ਬੱਚਿਆਂ ਵਿੱਚ ਡੂੰਘੇ ਅਧਿਐਨ ਦੀ ਆਦਤ ਵੀ ਵਿਕਸਤ ਹੋਵੇਗੀ। ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।