ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਮਿਕਸ ਲੈਂਡ ਯੂਜ਼ ਨੂੰ ਪੰਜ ਸਾਲ ਵਧਾਉਣ ਦੇ ਐਲਾਨ ਦਾ ਵਿਰੋਧ ਕਰਦਿਆਂ ਅਲਟੀਮੇਟਮ ਦਿੱਤਾ ਹੈ ਕਿ ਜੇ ਸਰਕਾਰ ਨੇ ਕੇਵਲ ਸਮਾਂ ਸੀਮਾ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਸਨਅਤੀ ਇਲਾਕੇ ਘੋਸ਼ਿਤ ਨਾ ਕੀਤੇ ਤਾਂ ਮਿਕਸ ਲੈਂਡ ਯੂਜ਼ ਦਾ ਸੰਘਰਸ਼ ਸ਼ੁਰੂ ਕਰ ਕੇ ਕੈਬਨਿਟ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ।
ਇੱਥੇ ਹੋਈ ਮੀਟਿੰਗ ਦੌਰਾਨ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਸਨਅਤ ਨੂੰ ਪੰਜ ਸਾਲ ਦਾ ਇਹ ਵਾਧਾ ਬਿਲਕੁਲ ਮਨਜ਼ੂਰ ਨਹੀਂ ਹੈ ਅਤੇ ਇਹ ਸਾਰੇ ਇਲਾਕੇ ਸਨਅਤੀ ਇਲਾਕੇ ਐਲਾਨੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਮਾਂ ਸੀਮਾ ਵਾਧੇ ਨਾਲ ਸਰਕਾਰ ਦੀ ਕਿਸੇ ਵੀ ਸਕੀਮ ਦਾ ਲਾਭ ਨਹੀਂ ਮਿਲੇਗਾ ਤੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ ਨਾਲ ਕਾਰਖਾਨੇ ਚਲਾਉਣੇ ਮੁਸ਼ਕਿਲ ਹੋ ਜਾਣਗੇ। ਇਸ ਸਮੇਂ ਇੰਦਰਜੀਤ ਸਿੰਘ, ਰਜਨੀਸ਼ ਕੁਮਾਰ ਖੁੱਲਰ, ਸੁਮੇਸ਼ ਕੋਛੜ, ਜਗਜੀਤ ਸਿੰਘ ਸੰਧੂ, ਸੁਰਿੰਦਰ ਕੁਮਾਰ, ਪ੍ਰਕਾਸ਼ ਸਿੰਘ ਗਿੱਲ ਵੀ ਹਾਜ਼ਿਰ ਸਨ।