ਪੱਤਰ ਪ੍ਰੇਰਕ
ਪਠਾਨਕੋਟ, 18 ਜੁਲਾਈ
ਸੁਜਾਨਪੁਰ ਵਿਖੇ ਟੈਂਪੂ ਅੱਡੇ ਤੋਂ ਰੇਲਵੇ ਰੋਡ ਤੱਕ ਅੱਜ ਸਵੇਰੇ ਬਾਰਸ਼ ਹੋਣ ਕਾਰਨ ਸੜਕ ਤਲਾਬ ਦਾ ਰੂਪ ਧਾਰਨ ਕਰ ਗਈ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਥਾਨਕ ਵਾਸੀਆਂ ਅਵਤਾਰ ਸਿੰਘ, ਸੁਭਾਸ਼ ਚੰਦ, ਰਮੇਸ਼ ਕੁਮਾਰ, ਚਮੇਲ ਸਿੰਘ, ਸੰਜੀਵ, ਓਮ ਪ੍ਰਕਾਸ਼, ਬੌਬੀ ਆਦਿ ਨੇ ਦੱਸਿਆ ਕਿ ਸੁਜਾਨਪੁਰ ਟੈਂਪੂ ਸਟੈਂਡ ਤੋਂ ਰੇਲਵੇ ਰੋਡ ਤੱਕ ਸੜਕ ਤੇ ਜਗ੍ਹਾ-ਜਗ੍ਹਾ ਤੇ ਟੋਏ ਹੋਣ ਕਾਰਨ ਅੱਜ ਸਵੇਰੇ ਹੋਈ ਬਾਰਸ਼ ਨਾਲ ਪਾਣੀ ਖੜ੍ਹ ਗਿਆ ਜਿਸ ਕਾਰਨ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਾਣੀ ਖੜ੍ਹੇ ਹੋਣ ਦਾ ਮੁੱਖ ਕਾਰਨ ਨਗਰ ਕੌਂਸਲ ਵੱਲੋਂ ਅਜੇ ਤੱਕ ਨਿਕਾਸੀ ਨਾਲਿਆਂ ਦੀ ਸਫਾਈ ਨਾ ਕਰਵਾਉਣਾ ਹੈ। ਇਸ ਸਬੰਧੀ ਜਦ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਬਦੇਸ਼ਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਰੋਡ ਤੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਉਣ ਲਈ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।