ਪੱਤਰ ਪ੍ਰੇਰਕ
ਬਨੂੜ, 18 ਜੁਲਾਈ
ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਬਨੂੜ ਦੇ ਵਾਰਡ ਨੰਬਰ 13 ਬਾਂਡਿਆਂ ਬਸੀ ਦੇ ਵਸਨੀਕ ਬੇਔਲਾਦ ਬਜ਼ੁਰਗ ਜੋੜੇ ਦੇ ਮਕਾਨ ਦੀ ਛੱਤ ਡਿੱਗ ਗਈ। ਬਜ਼ੁਰਗ ਜੋੜਾ ਹੁਣ ਗੁਰਦੁਆਰੇ ਵਿੱਚ ਦਿਨ ਕੱਟਣ ਲਈ ਮਜਬੂਰ ਹੈ। ਪੀੜਤ ਕਰਮਜੀਤ ਸਿੰਘ (75) ਤੇ ਉਸ ਦੀ ਪਤਨੀ ਮਲਕੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਸਨ। ਬਜ਼ੁਰਗ ਜੋੜੇ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਉਨ੍ਹਾਂ ਦੇ ਦੋਵੇਂ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ ਤੇ ਉਨ੍ਹਾਂ ਦਾ ਖਾਣ ਪੀਣ ਦਾ ਸਾਮਾਨ ਖਰਾਬ ਹੋ ਗਿਆ ਹੈ। ਬਜ਼ੁਰਗ ਜੋੜੇ ਨੇ ਸੂਬਾ ਸਰਕਾਰ ਅਤੇ ਇਲਾਕੇ ਦੀ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।