ਹਰਦਮ ਮਾਨ
ਸਰੀ: ਸਾਊਥ ਏਸ਼ੀਅਨ ਰੀਵਿਊ ਅਤੇ ਜੀਵੇ ਪੰਜਾਬ ਅਦਬੀ ਸੰਗਤ ਵੱਲੋਂ ‘ਪੰਜਾਬ ਦੀ ਦਸ਼ਾ ਅਤੇ ਦਿਸ਼ਾ’ ਉੱਪਰ ਕਰਵਾਈ ਜਾ ਰਹੀ ਆਨਲਾਈਨ ਵਿਚਾਰ ਚਰਚਾ ਦੀ ਚੌਥੀ ਲੜੀ ਵਿੱਚ ਇਸ ਵਾਰ ਪੰਜਾਬ ਦੇ ਸੀਨੀਅਰ ਐਡਵੋਕੇਟ ਅਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਸ਼ਖ਼ਸੀਅਤ ਰਾਜਵਿੰਦਰ ਸਿੰਘ ਬੈਂਸ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਨਾਲ ਪੰਜਾਬ ਦੀ ਮੌਜੂਦਾ ਸਥਿਤੀ, ਭਾਰਤੀ ਆਜ਼ਾਦੀ, ਅੰਗਰੇਜ਼ਾਂ ਤੇ ਮੁਗਲਾਂ ਦੇ ਕਾਲ ਵਿੱਚ ਇਨਸਾਫ਼ ਦੀ ਹਾਲਤ, ਵਿਕਸਤ ਤਕਨਾਲੋਜੀ, ਵਿਸ਼ਵ ਪੱਧਰ ’ਤੇ ਕਾਰਪੋਰੇਟਸ ਦਾ ਗ਼ਲਬਾ ਅਤੇ ਹੋਰ ਕਈ ਅਹਿਮ ਵਿਸ਼ਿਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਸ ਚਰਚਾ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਤੋਂ ਪੰਜਾਬ ਨਾਲ ਸਨੇਹ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਵਿਚਾਰ ਚਰਚਾ ਦੌਰਾਨ ਭੁਪਿੰਦਰ ਸਿੰਘ ਮੱਲ੍ਹੀ ਨੇ ਰਾਜਵਿੰਦਰ ਸਿੰਘ ਬੈਂਸ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਨਵਰੂਪ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਪੁੱਛੇ ਗਏ ਸਵਾਲ ਤੋਂ ਸੰਵਾਦ ਸ਼ੁਰੂ ਕਰਦਿਆਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਸਲ ਵਿੱਚ ਮਨੁੱਖੀ ਅਧਿਕਾਰਾਂ ਦਾ ਸਿੱਧਾ ਜਿਹਾ ਮਤਲਬ ਹੈ ਕਿ ਜਿਸ ਕੋਲ ਤਾਕਤ ਹੈ, ਉਸ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਜਿਹੜੇ ਤਾਕਤ-ਵਿਹੂਣੇ ਹਨ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਨਾ। ਪਲੈਟੋ ਦੇ ਸ਼ਬਦਾਂ ਨੂੰ ਪੰਜਾਬੀ ਲਹਿਜ਼ੇ ਵਿੱਚ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਤ ਸਿਪਾਹੀ ਨਹੀਂ ਬਣਦਾ ਅਤੇ ਸਿਪਾਹੀ ਸੰਤ ਨਹੀਂ ਬਣ ਜਾਂਦਾ ਉਦੋਂ ਤੱਕ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਹੋ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀਕਰਨ ਦੇ ਨਾਂ ’ਤੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ ਜਦੋਂ ਕਿ ਮਨੁੱਖੀ ਅਧਿਕਾਰ ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਦੇਸ਼, ਧਰਮ, ਕੌਮ ਦੇ ਕਿਸੇ ਵੀ ਕਾਰਜ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦਸ਼ਾ ਅਤੇ ਦਿਸ਼ਾ ਦੀ ਗੱਲ ਕਰਦਿਆਂ ਕਿਹਾ ਕਿ ਦਰਅਸਲ ਦਸ਼ਾ ਉਦੋਂ ਹੀ ਖਰਾਬ ਹੁੰਦੀ ਹੈ ਜਦੋਂ ਦਿਸ਼ਾ ਗ਼ਲਤ ਹੋਵੇ। ਇਸ ਸੰਦਰਭ ਵਿੱਚ ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦਿਸ਼ਾ ਤੋਂ ਭਟਕ ਚੁੱਕਾ ਹੈ। ਅੱਜ ਇੱਥੇ ਸਿੱਖਿਆ, ਸਿਹਤ, ਖੇਡਾਂ, ਰੁਜ਼ਗਾਰ ਦੀ ਗੱਲ ਨਹੀਂ। ਦਿਸ਼ਾਹੀਣ ਸਦਕਾ ਹੀ ਪੰਜਾਬ ਦੀ ਹਾਲਤ ਇਹ ਬਣ ਗਈ ਹੈ ਕਿ 1971 ਵਿੱਚ ਖੇਡਾਂ, ਸਿਹਤ, ਸਿੱਖਿਆ ਅਤੇ ਹੋਰ ਕਈ ਖੇਤਰਾਂ ਵਿੱਚ ਭਾਰਤ ਵਿੱਚੋਂ ਪਹਿਲੇ ਨੰਬਰ ’ਤੇ ਰਹਿਣ ਵਾਲਾ ਪੰਜਾਬ ਅੱਜ 25ਵੇਂ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਬਾਬਾ ਨਾਨਕ ਦੀ ਸਰਬ ਸਾਂਝੀਵਾਲਤਾ ਦੀ ਫਿਲਾਸਫੀ ਅੱਜ ਕਿੱਥੇ ਹੈ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਇੱਕ ਸਵਾਲ ਦੇ ਜਵਾਬ ਵਿੱਚ ਸ. ਬੈਂਸ ਨੇ ਕਿਹਾ ਕਿ ਭਾਰਤ ਦਾ ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ ਵਰਗੇ ਦੇਸ਼ਾਂ ਨਾਲ ਮੁਕਾਬਲਾ ਕਰਨਾ ਉੱਕਾ ਹੀ ਗ਼ਲਤ ਹੈ। ਭਾਰਤ ਦੀ ਆਬਾਦੀ ਇਨ੍ਹਾਂ ਨਾਲੋਂ 33 ਗੁਣਾਂ ਵੱਧ ਹੈ। ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਭਾਰਤ ਦੀਆਂ ਜੇਲ੍ਹਾਂ ਨਾਲੋਂ ਦੁੱਗਣੇ ਕੈਦੀ ਹਨ। ਭਾਰਤ ਵਿੱਚ ਜਿੱਥੇ 50 ਸਾਲ ਪਹਿਲਾਂ ਕਿਸੇ ਵੱਡੇ ਅਫ਼ਸਰ, ਲੀਡਰ, ਤਾਕਤਵਰ ਵਿਅਕਤੀ ਵਿਰੁੱਧ ਐੱਫ.ਆਈ.ਆਰ. ਵੀ ਦਰਜ ਨਹੀਂ ਹੁੰਦੀ ਸੀ, ਪਰ ਹੁਣ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਅਫ਼ਸਰ, ਲੀਡਰ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ।
ਇਸ ਵਿਚਾਰ ਚਰਚਾ ਵਿੱਚ ਨਵਨੀਤ ਕੌਰ, ਦਲਵਿੰਦਰ ਅਟਵਾਲ, ਡਾ. ਸੁਖਵਿੰਦਰ ਵਿਰਕ, ਭੁਪਿੰਦਰ ਮੱਲ੍ਹੀ, ਸਲਵਿੰਦਰ ਢਿੱਲੋਂ, ਨਿਰਦੋਸ਼, ਪ੍ਰਭਜੋਤ ਪਰਮਾਰ, ਅੱਬਾਸ, ਅਮਰੀਕ ਸਿੰਘ, ਰਵਿੰਦਰ ਸ਼ਰਮਾ, ਡਾ. ਸ਼ਬਨਮ ਮੱਲ੍ਹੀ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਸਵਾਲਾਂ ਰਾਹੀਂ ਵਿਚਾਰ ਚਰਚਾ ਨੂੰ ਅੱਗੇ ਵਧਾਇਆ। ਵਿਚਾਰ ਚਰਚਾ ਵਿੱਚ ਡਾ. ਗਿਆਨ ਸਿੰਘ, ਡਾ. ਜਗਜੀਤ ਸਿੰਘ, ਜਸਵਿੰਦਰ ਮਿਨਹਾਸ, ਅਜਮੇਰ ਸਿੱਧੂ, ਅਮਰਜੀਤ ਜੋਸ਼ੀ, ਸ਼ਬੀਰ ਜੀ, ਅਸ਼ੋਕ ਭਾਰਗਵ, ਬੂਟਾ ਸਿੰਘ, ਵੱਕਾਰ ਸਿਪਰਾ, ਬਲਜਿੰਦਰ ਬੂਰਾ, ਡਾ. ਸੰਦੀਪ ਸੈਣੀ, ਲਾਲ ਸਿੰਘ, ਗੁਰਦਾਸ ਢਡਵਾਲ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਨਿੱਕੀ ਜੰਡੂ, ਸੁੱਚਾ ਦੀਪਕ, ਸਲਵਿੰਦਰ ਢਿੱਲੋਂ, ਡਾ. ਚਰਨਜੀਤ, ਅਮਰਜੀਤ ਢਿੱਲੋਂ, ਪੀਟਰ ਬੈਂਸ, ਅਰਮਿਤਾ ਕਮਲ, ਹਰਦਮ ਸਿੰਘ ਮਾਨ, ਚਰਨਜੀਤ ਕੌਰ, ਰਾਜਿੰਦਰ ਸਿੰਘ ਗਿੱਲ, ਪਰਮੇਸ਼ਰ, ਦੇਸ ਰਾਜ ਛਾਜਲੀ, ਗੁਰਨਾਮ ਢਿੱਲੋਂ ਅਤੇ ਗੁਰਵਿੰਦਰ ਸਿੰਘ ਨੇ ਹਾਜ਼ਰੀ ਲੁਆਈ।
ਸੰਪਰਕ: +1 604 308 6663