ਨਵੀਂ ਦਿੱਲੀ, 19 ਜੁਲਾਈ
ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਵਰਤਮਾਨ ਵਿੱਤੀ ਵਰ੍ਹੇ (2023-24) ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 6.4 ਪ੍ਰਤੀਸ਼ਤ ਉਤੇ ਕਾਇਮ ਰੱਖਿਆ ਹੈ। ਏਡੀਬੀ ਨੇ ‘ਏਸ਼ੀਅਨ ਡਿਵੈਲਪਮੈਂਟ ਆਊਟਲੁੱਕ’ ਉਤੇ ਅੱਜ ਜਾਰੀ ਆਪਣੇ ਜੁਲਾਈ ਦੇ ਅੰਦਾਜ਼ੇ ਵਿਚ ਕਿਹਾ ਹੈ ਕਿ ਦਿਹਾਤੀ ਤੇ ਸ਼ਹਿਰੀ ਖ਼ਪਤਕਾਰ ਮੰਗ ਵਿਚ ਸੁਧਾਰ ਕਾਰਨ ਉਸ ਨੇ ਵਿਕਾਸ ਦਰ ਦੀ ਸੰਭਾਵਨਾ ਨੂੰ 6.4 ਪ੍ਰਤੀਸ਼ਤ ਉਤੇ ਬਰਕਰਾਰ ਰੱਖਿਆ ਹੈ, ਪਰ ਆਲਮੀ ਪੱਧਰ ਉਤੇ ਸੁਸਤੀ ਨਾਲ ਬਰਾਮਦ ਘਟਣ ਦੀ ਸਥਿਤੀ ਵਿਚ ਇਹ ਅੰਦਾਜ਼ਾ ਪ੍ਰਭਾਵਿਤ ਹੋ ਸਕਦਾ ਹੈ। ਭਾਰਤੀ ਅਰਥਚਾਰਾ 2022-23 ਵਿਚ 7.2 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਸੀ। ਏਡੀਬੀ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਕਾਰਨ ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ ਦੇ ਆਪਣੇ ਅਨੁਮਾਨ ਨੂੰ ਮਾਮੂਲੀ ਫ਼ਰਕ ਨਾਲ ਘਟਾ ਕੇ 4.9 ਪ੍ਰਤੀਸ਼ਤ ਕਰ ਦਿੱਤਾ ਹੈ। ਅਪਰੈਲ ਵਿਚ ਬੈਂਕ ਨੇ ਮਹਿੰਗਾਈ ਦੇ ਪੰਜ ਪ੍ਰਤੀਸ਼ਤ ’ਤੇ ਰਹਿਣ ਦਾ ਅੰਦਾਜ਼ਾ ਲਾਇਆ ਸੀ। ਏਡੀਬੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ, ‘ਮੌਨਸੂਨ ਤੇ ਹੋਰ ਮੌਸਮੀ ਕਾਰਨ ਆਮ ਵਾਂਗ ਰਹਿਣ ਤੇ ਭੂ-ਰਾਜਨੀਤਕ ਮੋਰਚੇ ਉਤੇ ਕੋਈ ਹੋਰ ਝਟਕਾ ਨਾ ਲੱਗਣ ਕਰ ਕੇ 2023-24 ਵਿਚ ਭਾਰਤੀ ਅਰਥਚਾਰਾ 6.4 ਪ੍ਰਤੀਸ਼ਤ ਦਾ ਦਰ ਨਾਲ ਵਧੇਗਾ। ਵਿੱਤੀ ਸਾਲ 2024-25 ਵਿਚ ਇਹ ਦਰ 6.7 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ ਵਿਚ ਦਿਹਾਤੀ ਤੇ ਸ਼ਹਿਰੀ ਖ਼ਪਤਕਾਰ ਮੰਗ ਵਿਚ ਸੁਧਾਰ ਦੀ ਉਮੀਦ ਹੈ। ਖ਼ਪਤਕਾਰਾਂ ਦਾ ਭਰੋਸਾ, ਸ਼ਹਿਰੀ ਬੇਰੁਜ਼ਗਾਰੀ ਤੇ ਮੋਟਰਬਾਈਕ ਦੀ ਵਿਕਰੀ ਦੇ ਅੰਕੜਿਆਂ ਤੋਂ ਇਹੀ ਸੰਕੇਤ ਮਿਲ ਰਿਹਾ ਹੈ। -ਪੀਟੀਆਈ