ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਜੁਲਾਈ
ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ ਯੂਨੀਅਨ ਦੀ ਅਗਵਾਈ ਹੇਠ ਡੇਲੀਵੇਜਿਜ਼ ਕਰਮਚਾਰੀਆਂ ਨੇ ਜ਼ਿਲ੍ਹਾ ਜੰਗਲਾਤ ਦਫ਼ਤਰ ਅੱਗੇ ਵਰ੍ਹਦੇ ਮੀਂਹ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਰਮਚਾਰੀ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਖਫ਼ਾ ਸਨ। ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ, ਆਗੂ ਮੇਲਾ ਸਿੰਘ ਪੁੰਨਾਂਵਾਲ ਅਤੇ ਨਾਜ਼ਰ ਸਿੰਘ ਈਸੜਾ ਨੇ ਕਿਹਾ ਕਿ ਕਰਮਚਾਰੀਆਂ ਨੂੰ ਪਿਛਲੇ ਤਿੰਨ, ਚਾਰ ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਕਰਮਚਾਰੀਆ ਨੂੰ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਵਣਪਾਲ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਲਿਖਿਆ ਹੈ ਕਿ ਵਣ ਮੰਡਲ ਦਫਤਰ ਸੰਗਰੂਰ ਦੇ ਬਿਲਾਂ ਨੂੰ ਕੰਸੀਡਰ ਨਾ ਕੀਤਾ ਜਾਵੇ ਅਤੇ ਇਸ ਮੰਡਲ ਦਫ਼ਤਰ ਦੇ ਬਿਲ ਹੋਲਡ ਕਰ ਦਿੱਤੇ ਜਾਣ। ਬਿਲ ਨਾ ਬਣਨ ਕਾਰਨ ਵਣ ਮੰਡਲ ਸੰਗਰੂਰ ਅਧੀਨ ਸੇਵਾਵਾਂ ਨਿਭਾ ਰਹੇ ਡੇਲੀਵੇਜਿਜ਼ ਕਰਮਚਾਰੀਆਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਹੀਂ ਹੋਈ। ਬੁਲਾਰਿਆਂ ਨੇ ਮੰਗ ਕੀਤੀ ਕਿ ਵਣ ਮੰਡਲ ਸੰਗਰੂਰ ਅਧੀਨ ਸੇਵਾਵਾਂ ਨਿਭਾ ਰਹੇ ਡੇਲੀਵੇਜਿਜ਼ ਕਰਮਚਾਰੀਆਂ ਦੀ ਤੁਰੰਤ ਤਨਖਾਹ ਜਾਰੀ ਕੀਤੀ ਜਾਵੇ। ਸੂਬਾਈ ਮੁਲਾਜ਼ਮ ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਤਨਖਾਹਾਂ ਜਲਦ ਜਾਰੀ ਨਾ ਕੀਤੀਆਂ ਗਈਆਂ ਤਾਂ ਮੁੱਖ ਵਣ ਪਾਲ ਦਫ਼ਤਰ ਮੁਹਾਲੀ ਅੱਗੇ ਜਲਦ ਹੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੀਤਾ ਰਾਮ ਸ਼ਰਮਾ ਪ੍ਰਧਾਨ ਜ਼ਿਲ੍ਹਾ ਫੈਡਰੇਸ਼ਨ, ਜਗਦੀਸ ਬੇਦੀ, ਇੰਦਰ ਸ਼ਰਮਾ, ਕੇਵਲ ਸਿੰਘ ਗੁੱਜਰਾਂ, ਗੁਰਮੀਤ ਸਿੰਘ ਮਿੱਡਾ, ਗਮਧੂਰ ਸਿੰਘ, ਗੁਰਜੰਟ ਸਿੰਘ ਬੁਗਰਾ ਨੇ ਸੰਬੋਧਨ ਕੀਤਾ।