ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੁਲਾਈ
ਹੜ੍ਹ ਕਾਰਨ ਬੇਘਰ ਹੋਏ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਫਿਕਰਮੰਦ ਹਨ। ਘਰ ਛੱਡ ਕੇ ਜਾਣ ਮਗਰੋਂ ਉਨ੍ਹਾਂ ਜਿੱਥੇ ਸ਼ਰਨ ਲਈ ਹੈ, ਉਥੇ ਉਹ ਸੁਰੱਖਿਅਤ ਇਲਾਕਿਆਂ ਦੇ ਸਕੂਲਾਂ ’ਚ ਬੱਚਿਆਂ ਦੇ ਆਰਜ਼ੀ ਦਾਖ਼ਲੇ ਕਰਵਾਉਣ ਲੱਗੇ ਹਨ। ਇਨ੍ਹਾਂ ਆਰਜ਼ੀ ਦਾਖ਼ਲਿਆਂ ਕਾਰਨ ਮਾਲਵਾ ਖੇਤਰ ਦੇ ਸਰਕਾਰੀ ਸਕੂਲਾਂ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗੀ ਹੈ। ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦੇ ਡਰੋਂ ਲੋਕ ਸਬੰਧਤ ਸਕੂਲਾਂ ਦੇ ਅਧਿਆਪਕਾਂ ਅੱਗੇ ਔਖੀ ਘੜੀ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਅਰਜ਼ੋਈਆਂ ਕਰਨ ਲੱਗੇ ਹਨ। ਕੁਝ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਹਿਲਾਂ ਕਰੋਨਾ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਹੁਣ ਹੜ੍ਹਾਂ ਕਾਰਨ ਉਹ ਬੱਚਿਆਂ ਦੀ ਪੜ੍ਹਾਈ ਲਈ ਚਿੰਤਤ ਹਨ।
ਸਰਕਾਰੀ ਸਕੂਲਾਂ ਤੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਅਧਿਆਪਕਾਂ ਨੂੰ ਦੂਸਰੇ ਪਿੰਡਾਂ ਤੋਂ ਆਏ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਕੋਈ ਮੁਸ਼ਕਲ ਨਹੀਂ, ਪਰ ਸਕੂਲਾਂ ’ਚ ਵਿਦਿਆਰਥੀਆਂ ਨੂੰ ਬੈਠਣ, ਦੁਪਹਿਰ ਦਾ ਖਾਣਾ ਦੇਣ ਸਬੰਧੀ ਲੋੜੀਂਦੀ ਪ੍ਰਵਾਨਗੀ ਦੀ ਅਧਿਆਪਕ ਮੰਗ ਕਰਨ ਲੱਗੇ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਸੱਦਾ ਸਿੰਘ ਵਾਲਾ, ਕੱਲ੍ਹੋ, ਖੋਖਰ ਤੇ ਜੋਗਾ ਸਮੇਤ ਹੋਰਨਾਂ ਸਕੂਲਾਂ ਵਿੱਚ ਆਰਜ਼ੀ ਦਾਖਲੇ ਕਰਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਖਰਾਬ ਨਹੀਂ ਕਰਨਾ ਚਾਹੁੰਦੇ। ਸੱਦਾ ਸਿੰਘ ਵਾਲਾ ਸਕੂਲ ਵਿੱਚ ਹੀਰਕੇ ਤੇ ਸਰਦੂਲਗੜ੍ਹ ਤੋਂ ਆਏ ਮਾਪਿਆਂ ਨੇ ਕਿਹਾ ਕਿ ਅਜੇ ਪਤਾ ਨਹੀਂ ਕਦੋਂ ਉਨ੍ਹਾਂ ਨੂੰ ਆਪਣੇ ਘਰਾਂ ’ਚ ਜਾਣਾ ਨਸੀਬ ਹੋਵੇਗਾ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਬੁਲਾਰੇ ਅਮੋਲਕ ਸਿੰਘ ਡੇਲੂਆਣਾ ਤੇ ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦਾ ਇਹ ਚੰਗਾ ਫੈਸਲਾ ਹੈ ਕਿ ਜਿਥੇ ਹੜ੍ਹਾਂ ਦੀ ਸਥਿਤੀ ਠੀਕ ਹੈ ਕਿ ਉਥੇ ਸਕੂਲ ਖੋਲ੍ਹੇ ਗਏ ਹਨ।
ਮਾਨਸਾ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣਾ ਫਰਜ਼ ਸਮਝ ਕੇ ਹੀ ਬੱਚਿਆਂ ਨੂੰ ਪੜ੍ਹਾਉਣਾ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ, ਉਹ ਮਾਮਲਾ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।