ਪੱਤਰ ਪ੍ਰੇਰਕ
ਅਬੋਹਰ, 19 ਜੁਲਾਈ
ਨਗਰ ਨਿਗਮ ਅਬੋਹਰ ਵੱਲੋਂ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਲਗਾਤਾਰ ਵੱਖ-ਵੱਖ ਅਭਿਆਨ ਚਲਾਏ ਗਏ ਹਨ। ਇਸੇ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਕਰਨ ਲਈ ਨਗਰ ਨਿਗਮ ਅਬੋਹਰ ਦੇ ਦਫ਼ਤਰ ਵਿੱਚ ਗਾਰਬੇਜ ਕੁਲੈਕਸ਼ਨ ਫੀ ਐਪ ਲਾਂਚ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਤਕਨੀਕੀ ਯੁੱਗ ਵਿੱਚ ਹਾਰਡ ਵਰਕ ਨੂੰ ਸਮਾਰਟ ਵਰਕ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਨਿਗਮ ਅਧਿਕਾਰੀਆਂ ਵੱਲੋਂ ਪਹਿਲਾਂ ਘਰਾਂ ਤੇ ਦੁਕਾਨਾਂ ਦੀ ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਦੀ ਰਕਮ ਦੀ ਰਸੀਦ ਕੱਟੀ ਜਾਂਦੀ ਸੀ ਜਿਸ ਨਾਲ ਰਿਕਾਰਡ ਦੀ ਸਾਂਭ-ਸੰਭਾਲ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਐਪ ਨਾਲ ਜਿੱਥੇ ਮੁਕੰਮਲ ਰਿਕਾਰਡ ਦੀ ਸੰਭਾਲ ਹੋਵੇਗੀ ਉੱਥੇ ਦੋਵੇਂ ਧਿਰਾਂ ਨਗਰ ਨਿਗਮ ਤੇ ਆਮ ਲੋਕਾਂ ਵਿੱਚ ਗਾਰਬੇਜ ਕੁਲੈਕਸ਼ਨ ਦੀ ਰਕਮ ਦੀ ਪ੍ਰਾਪਤੀ ਤੇ ਅਦਾਇਗੀ ਦੌਰਾਨ ਪਾਰਦਰਸ਼ਤਾ ਵਿੱਚ ਵਾਧਾ ਹੋਵੇਗਾ। ਡਾ. ਸੇਨੂ ਦੁੱਗਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਗਾਰਬੇਜ ਦੀ ਬਣਦੀ ਫੀਸ ਨਗਦ ਦੇਣ ਦੀ ਬਜਾਏ ਐਪ ਰਾਹੀਂ ਆਨਲਾਈਨ ਅਦਾ ਕੀਤੀ ਜਾ ਸਕਦੀ ਹੈ।