ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਸਥਾਨਕ ਟਿੱਬਾ ਰੋਡ ਇਲਾਕੇ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫੈਕਟਰੀ ਤੋਂ ਘਰ ਜਾ ਰਹੇ ਰਾਜੂ ਰਾਠੌਰ ਨੂੰ ਅਗਵਾ ਕਰ ਲਿਆ। ਮੁਲਜ਼ਮ ਉਸ ਨੂੰ ਜਮਾਲਪੁਰ ਇਲਾਕੇ ’ਚ ਲੈ ਗਏ ਜਿੱਥੇ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕਰ ਕੇ ਪੰਜ ਹਜ਼ਾਰ ਰੁਪਏ ਨਗਦੀ, ਮੋਬਾਈਲ ਫੋਨ ਤੇ ਏਟੀਐਮ ਕਾਰਡ ਲੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਦੋ ਘੰਟੇ ਬਾਅਦ ਰਾਜੂ ਨੂੰ ਛੱਡਿਆ। ਮੁਲਜ਼ਮਾਂ ਨੇ ਰਾਜੂ ਤੋਂ ਲੁੱਟੇ ਹੋਏ ਉਸ ਦੇ ਏਟੀਐਮ ਕਾਰਡ ਦਾ ਪਿੰਨ ਕੋਡ ਵੀ ਲੈ ਲਿਆ ਤੇ ਉਸ ਦੇ ਖਾਤੇ ’ਚੋਂ ਤਿੰਨ ਹਜ਼ਾਰ ਰੁਪਏ ਕਢਵਾ ਲਏ। ਰਾਜੂ ਵੱਲੋਂ ਸ਼ਿਕਾਇਤ ਕਰਨ ’ਤੇ ਥਾਣਾ ਟਿੱਬਾ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਰਾਜੂ ਰਾਠੌਰ ਬਹਾਦਰ ਕੇ ਰੋਡ ’ਤੇ ਫੈਕਟਰੀ ’ਚ ਕੰਮ ਕਰਦਾ ਹੈ। ਉਹ ਕਿਸੇ ਲਈ ਟਿੱਬਾ ਰੋਡ ਸਥਿਤ ਗਊਸ਼ਾਲਾ ਕੋਲ ਗਿਆ ਸੀ। ਇਸ ਦੌਰਾਨ ਜਦੋਂ ਉਹ ਰੁਕ ਕੇ ਫੋਨ ਕਰ ਰਿਹਾ ਸੀ ਤਾਂ ਦੋ ਨੌਜਵਾਨ ਆਏ। ਉਹ ਤੇਜ਼ਧਾਰ ਹਥਿਆਰ ਦਾ ਡਰ ਦੇ ਕੇ ਉਸ ਨੂੰ ਆਪਣੇ ਨਾਲ ਕਿਸੇ ਸੁੰਨਸਾਨ ਜਗ੍ਹਾ ’ਤੇ ਲੈ ਗਏ ਜਿੱਥੇ ਪਹਿਲਾਂ ਤੋਂ ਮੁਲਜ਼ਮਾਂ ਦੇ 10 ਸਾਥੀ ਬੈਠੇ ਸਨ। ਇੱਕ ਖਾਲੀ ਦੁਕਾਨ ’ਚ ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਲਿਆ ਤੇ ਕੁੱਟਮਾਰ ਕਰ ਕੇ ਨਗਦੀ, ਮੋਬਾਈਲ ਤੇ ਹੋਰ ਸਾਮਾਨ ਲੁੱਟ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਕੁੱਟਮਾਰ ਕਰ ਕੇ ਏਟੀਐਮ ਕਾਰਡ ਦਾ ਪਿੰਨ ਨੰਬਰ ਲੈ ਕੇ ਪੈਸੇ ਕਢਵਾ ਲਏ। ਇਸ ਮਗਰੋਂ ਮੁਲਜ਼ਮਾਂ ਨੇ ਉਸ ਦੇ ਚਿਹਰੇ ’ਤੇ ਕੱਪੜਾ ਰੱਖ ਕੇ ਉਸ ਨੂੰ ਸੁੰਨਸਾਨ ਗਲੀ ’ਚ ਛੱਡ ਦਿੱਤਾ ਤੇ ਖ਼ੁਦ ਫ਼ਰਾਰ ਹੋ ਗਏ।
ਇਸ ਮਾਮਲੇ ’ਚ ਥਾਣਾ ਟਿੱਬਾ ਦੇ ਇੰਚਾਰਜ ਇੰਸਪੈਕਟਰ ਲਵਦੀਪ ਸਿੰਘ ਨੇ ਦੱਸਿਆ ਕਿ ਰਾਜੂ ਨਾਲ ਪੁਲੀਸ ਟੀਮ ਗਈ ਸੀ, ਪਰ ਉੱਥੇ ਕੋਈ ਨਹੀਂ ਮਿਲਿਆ।