ਮਨਮੋਹਨ ਸਿੰਘ ਦਾਊਂ
ਪੋਹ ਮਹੀਨੇ ਦੀਆਂ ਠੰਢੀਆਂ-ਠਾਰ ਦੋ ਰਾਤਾਂ ਕਹਿਰ ਬਣ ਕੇ ਸਰਹਿੰਦ ਦੇ ਠੰਢੇ ਬੁਰਜ ਤੋਂ ਲੰਘ ਚੁੱਕੀਆਂ ਸਨ। ਸੂਬਾ ਸਰਹਿੰਦ ਨੇ ਤਿੰਨ ਬੇਦੋਸ਼ੀਆਂ ਜਿੰਦਾਂ ਨੂੰ ਕੈਦ ਕੀਤਾ ਹੋਇਆ ਸੀ। ਠੰਢੇ ਬੁਰਜ ਦੀ ਪੱਛਮੀ ਵੱਖੀ ਕੋਲੋਂ ਵਗਦਾ ਨਾਲਾ ਸਰਦੀ ਹੋਰ ਵਧਾ ਰਿਹਾ ਸੀ। ਰਾਤ ਦਾ ਹਨੇਰਾ ਡਰਾਉਣੇ ਦੈਂਤ ਦਾ ਰੂਪ ਧਾਰ ਰਿਹਾ ਸੀ। ਤੂਫ਼ਾਨ ਵਰਗੀ ਯਖ਼-ਹਵਾ ਚੌਗਿਰਦੇ ਨੂੰ ਹੋਰ ਵੀ ਠੰਢਾ ਕਰ ਰਹੀ ਸੀ। ਬਿਰਖਾਂ ਦੇ ਪੱਤਿਆਂ ਨੂੰ ਕੋਰਾ ਸੁੰਨ ਕਰਦਾ ਜਾ ਰਿਹਾ ਸੀ। ਸਰਹਿੰਦੀ-ਇੱਟਾਂ ਵਾਲਾ ਬੁਰਜ ਅੰਦਰੋਂ ਬਰਫ਼ ਬਣਦਾ ਜਾ ਰਿਹਾ ਸੀ। ਜ਼ਾਲਮ ਦੀ ਕਟਾਰ ਆਪਣੇ ਭੈਅ ਦਾ ਪਹਿਰਾ ਦੇ ਰਹੀ ਸੀ। ਠੰਢੇ ਬੁਰਜ ਦੇ ਬਾਹਰ ਦਰਬਾਰੀ ਹੁਕਮ ਦਨ-ਦਨਾ ਰਿਹਾ ਸੀ। ਬੁਰਜ ਦੇ ਅੰਦਰ ਬਜ਼ੁਰਗ ਮਾਤਾ ਗੁਜਰੀ, ਆਪਣੇ ਮਾਸੂਮ ਤੇ ਲਾਡਲੇ ਪੋਤਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਨਿੱਘ ਨਾਲ ਸਹਿਜ ਕਰ ਰਹੀ ਸੀ। ਇਤਿਹਾਸ ਦੇ ਪੰਨਿਆਂ ਦਾ ਪਾਠ ਅਤੇ ਸ਼ਬਦ-ਸਿਮਰਨ ਨਾਲ ਬਲਵਾਨ ਕਰ ਰਹੀ ਸੀ। ਅਣਖ ਅਤੇ ਬਹਾਦਰੀ ਦੇ ਬਿਰਤਾਂਤਾਂ ਤੋਂ ਬਿਨਾਂ, ਇਹ ਕਹਿਰ ਭਰੀਆਂ ਰਾਤਾਂ ਨੂੰ ਭੈਅਭੀਤ ਕਰਨ ਦਾ ਇਹੋ ਇਕ ਢਾਰਸ ਸੀ। ਬਾਲ-ਮਨਾਂ ਨੂੰ ਡੋਲਣ ਤੋਂ ਬਚਾਉਣ ਲਈ, ਮਾਤਾ ਗੁਜਰੀ ਸਿੱਖ ਪਰੰਪਰਾਵਾਂ ‘ਤੇ ਪਹਿਰਾ ਦੇ ਰਹੀ ਸੀ। ਬਿਰਧ ਹੱਥਾਂ ‘ਚ ਰੂਹਾਨੀਅਤ ਦੀ ਜੋਤ ਦਾ ਸੇਕ, ਬਾਲਕਾਂ ਨੂੰ ਬਲ ਬਖ਼ਸ਼ ਰਿਹਾ ਸੀ। ਵਸਤਰਾਂ ਦੀ ਘਾਟ ਨੂੰ ਮਾਤਾ ਗੁਜਰੀ ਆਪਣੀ ਮਮਤਾ ਦੇ ਨਿੱਘ ਨਾਲ ਪੂਰਾ ਕਰ ਰਹੀ ਸੀ। ਬਾਲ ਭੋਲ਼ੇ ਹੁੰਦੇ ਹੋਏ ਵੀ, ਇਕ ਪ੍ਰਕਾਸ਼ ਦਾ ਰੂਪ ਧਾਰ ਰਹੇ ਸਨ। ਪ੍ਰੀਖਿਆ ਕਠਿਨ ਸੀ। ਧਰਮ ਅਤੇ ਜ਼ੁਲਮ ਦੀ ਜੰਗ ‘ਚ ਜਿੱਤ ਹਾਰ ਦੀਆਂ ਘੜੀਆਂ, ਕਿਸੇ ਵੱਡੇ ਸਾਕੇ ਦੀ ਉਡੀਕ ਵਿਚ ਸਨ। ਲਗਪਗ ਇਕ ਹਫ਼ਤੇ ਦੇ ਕਾਲ ‘ਚ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਸਰਸਾ ਨਦੀ ਦੇ ਕਹਿਰ ਨੂੰ ਝੱਲਦਿਆਂ, ਠੰਢੇ ਬੁਰਜ ਦੀ ਕੈਦ ਤੱਕ ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਵੇਂ ਸੰਭਾਲਿਆ, ਸਿੱਖਿਆ ਦੇ ਕੇ ਬਲਵਾਨ ਕੀਤਾ, ਉਸ ਦੀ ਗਾਥਾ ਅਦੁੱਤੀ ਤੇ ਅਨੋਖੀ ਹੈ। ਦੁਨੀਆ ਦੇ ਇਤਿਹਾਸ ‘ਚ ਅਜਿਹੀ ਘਟਨਾ ਨੇ ਵਾਪਰਨਾ ਸੀ। ਅਣਕਿਆਸੇ ਅਤੇ ਅਣਸੁਖਾਵੇਂ ਪੈਂਡੇ ਨੂੰ ਤੈਅ ਕਰਦਿਆਂ, ਮਾਤਾ ਗੁਜਰੀ ‘ਤੇ ਕੀ-ਕੀ ਬੀਤੀ, ਉਸ ਨੂੰ ਸ਼ਬਦਾਂ ‘ਚ ਬਿਆਨ ਕਰਨਾ ਕਠਿਨ ਹੈ।
ਇਕ ਪਾਸੇ ਠੰਢੇ ਬੁਰਜ ‘ਚ ਨੂਰਾਨੀ ਜਿੰਦਾਂ ਸਨ ਤੇ ਸਾਹਮਣੇ ਸੂਬਾ ਸਰਹਿੰਦ ਵਜ਼ੀਰ ਖਾਂ ਦੀ ਕਚਹਿਰੀ ਸੀ। ਫ਼ਤਵੇ ਦਾ ਐਲਾਨ ਹੋਣਾ ਸੀ। ਜੋ ਖ਼ੂਨੀ ਭਾਣਾ ਵਰਤਣਾ ਸੀ, ਉਸ ਬਾਰੇ ਮਾਤਾ ਗੁਜਰੀ ਪੂਰੀ ਤਰ੍ਹਾਂ ਸੁਚੇਤ ਸੀ। ਪਰਖ ਦੀਆਂ ਘੜੀਆਂ ਨੇੜੇ ਆ ਰਹੀਆਂ ਸਨ। ਰਾਤੜੀ ‘ਚੋਂ ਦੋ ਸੂਰਜੇ ਚਿਹਰਿਆਂ ਨੇ ਉਦੈ ਹੋ, ਤਵਾਰੀਖ਼ ਦੇ ਪੰਨਿਆਂ ‘ਤੇ ਹਸਤਾਖ਼ਰ ਕਰਨੇ ਸਨ। ਸਾਹਿਬਜ਼ਾਦਿਆਂ ਨੂੰ ਉਸ ਰਾਤ ਮਾਤਾ ਗੁਜਰੀ ਨੇ ਅਣਖ ਤੇ ਸਿਦਕ ਦੀ ਪੁੱਠ ਨਾਲ ਹਰ ਪੱਖੋਂ ਧਰਮੀ-ਮਨੁੱਖ ਬਣਨ ਦਾ ਆਦਰਸ਼ ਸਮਝਾ ਦਿੱਤਾ ਸੀ।
ਆਖਰ 26 ਦਸੰਬਰ 1704 ਦਾ ਦਿਨ ਚੜ੍ਹਿਆ। ਸੂਰਜ ਦੀਆਂ ਕਿਰਨਾਂ ਠੰਢੇ ਬੁਰਜ ‘ਤੇ ਹਟਕੋਰੇ ਭਰਨ ਲੱਗੀਆਂ। ਬਾਹਰ ਸ਼ਸਤਰਧਾਰੀ ਚੌਕੀਦਾਰਾਂ ਨੇ ਠੰਢੇ ਬੁਰਜ ਦਾ ਬੂਹਾ ਖੋਲ੍ਹਿਆ। ਇਕ ਪ੍ਰਕਾਸ਼ ਦੀ ਝਲਕ ਨਾਲ ਉਨ੍ਹਾਂ ਦੀਆਂ ਅੱਖਾਂ ਚੁੰਧਿਆ ਗਈਆਂ। ਮਾਤਾ ਜੀ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਗਲਵਕੜੀ ਪਾ ਚੁੰਮਿਆ। ਲੱਖ-ਲੱਖ ਅਸੀਸਾਂ ਦਿੱਤੀਆਂ। ਪਰਮਾਤਮਾ ਅੱਗੇ ਅਰਦਾਸ ਕੀਤੀ। ਅਡੋਲ ਅਤੇ ਅਬੋਲ ਸ਼ਬਦਾਂ ਰਾਹੀਂ, ਆਪਣੀ ਬਿਰਧ ਤੱਕਣੀ ਰਾਹੀਂ, ਬਾਲਕਾਂ ਨੂੰ ਨਿਹਾਰਿਆ। ਇਕ ਵਿਸਮਾਦੀ ਸ਼ਕਤੀ ਨਾਲ ਥਾਪੜਾ ਦਿੱਤਾ। ਦੋਵੇਂ ਬਾਲਕਾਂ ਦੇ ਸੀਸ ਆਪਣੇ ਨੂਰਾਨੀ ਹੱਥਾਂ ਨਾਲ ਪਲੋਸੇ। ਮਮਤਾ ਦੇ ਨਾਲ ਨੂਰੋ-ਨੂਰ ਕੀਤੇ। ਸਬਰ ਤੇ ਸੰਤੋਖ ਦੇ ਅਸਗਾਹ ਘੁੱਟ ਭਰ ਕੇ, ਬਾਲਕਾਂ ਨੂੰ ਤੁਰਨ ਲਈ ਤਿਆਰ ਕੀਤਾ। ਹਿਕੜੀ ‘ਚੋਂ ਉਮੰਗਾਂ ਤੇ ਤਰੰਗਾਂ ਦੇ ਵਸਤਰ ਪਹਿਨਾਏ। ਬਾਲਕਾਂ ਦੇ ਮੋਢਿਆਂ ਨੂੰ ਨਿਰਭੈ ਦਾ ਹੌਸਲਾ ਦਿੱਤਾ। ਬੋਲਾਂ ਨੂੰ ਜੈਕਾਰੇ ਛੱਡਣ ਦਾ ਬਲ ਦਿੱਤਾ। ਕਦਮਾਂ ਨੂੰ ਸਵੈ-ਮਾਣ ਨਾਲ ਤੁਰਨ ਦੀ ਸਿੱਖਿਆ ਦਿੱਤੀ। ਠੰਢੇ ਬੁਰਜ ਤੋਂ ਸੂਬੇ ਦੀ ਕਚਹਿਰੀ ਤੱਕ ਦਾ ਫ਼ਾਸਲਾ ਤੈਅ ਕਰਨਾ ਸੀ। ਕੁਝ ਕਦਮਾਂ ਦੇ ਫ਼ਾਸਲੇ ਵਿਚ ਸਦੀਆਂ ਦਾ ਇਤਿਹਾਸ ਸਿਰਜਿਆ ਜਾਣਾ ਸੀ। ਸੂਬਾ ਸਰਹਿੰਦ ਦੇ ਨੌਕਰ ਆਖ਼ਰ ਦੋਵੇਂ ਸਾਹਿਬਜ਼ਾਦਿਆਂ ਨੂੰ ਲੈ ਤੁਰੇ। ਬਾਲਕਾਂ ਦੇ ਚਿਹਰਿਆਂ ਦਾ ਨੂਰ ਸਰਹਿੰਦ ਦੀ ਧਰਤੀ ਨੂੰ ਅਲਵਿਦਾ ਕਹਿਣ ਲਈ ਪੂਰੇ ਜੋਸ਼ ‘ਚ ਸੀ। ਮਾਤਾ ਗੁਜਰੀ ਨੇ ਆਖ਼ਰੀ ਅਸੀਸ ਨਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਅਕਾਲ ਪੁਰਖ ਦੇ ਭਰੋਸੇ ਨਾਲ ਤੋਰਿਆ। ਦੋਵੇਂ ਬਾਲਕਾਂ ਨੇ ਮਾਤਾ ਜੀ (ਦਾਦੀ ਮਾਂ) ਨੂੰ ਨਮਨ ਕੀਤਾ ਤੇ ਅਡੋਲ ਰਹਿਣ ਦਾ ਵਿਸ਼ਵਾਸ ਦਿੱਤਾ। ਇਹ ਅੰਤਿਮ ਘੜੀਆਂ ਅਲੌਕਿਕ ਸਨ। ਜਾ ਰਹੇ ਬਾਲਕਾਂ ਦੀਆਂ ਪਿੱਠਾਂ ਦਾਦੀ ਮਾਂ ਬੜੀ ਦੇਰ ਤੱਕ ਤੱਕਦੀ ਰਹੀ। ਅਗੰਮੀ ਸ਼ਕਤੀ ਬਾਲਕਾਂ ਨੂੰ ਥਪਕਦੀ ਰਹੀ। ਅਕਾਲ ਪੁਰਖ ਦੇ ਭਾਣੇ ‘ਚ ਰਹਿਣ ਲਈ ਅਰਦਾਸ ਕਰਦੀ ਰਹੀ। ਕੁਝ ਪਲਾਂ ਪਿੱਛੋਂ ਅੰਬਰੀ ਬੱਦਲਾਂ ‘ਚੋਂ ਬੂੰਦਾਂ ਟਪਕੀਆਂ। ਜ਼ੁਲਮ ਦੀ ਇੰਤਹਾ ਹੋਈ। ਮਾਤਾ ਗੁਜਰੀ ਮੁੜ ਠੰਢੇ ਬੁਰਜ ਵਿਚ ਸਮਾ ਗਈ। ਧਰਮ ਦੀ ਜਿੱਤ ਹੋਈ, ਜ਼ਾਲਮ ਦੀ ਹਾਰ ਹੋਈ। ਇਕ ਲਾਸਾਨੀ ਸ਼ਹਾਦਤ ਸਦਾ-ਸਦਾ ਲਈ ਅਮਰ ਹੋ ਗਈ।
”ਲਾਡਲਿਓ, ਡੋਲਣਾ ਨਾ, ਧਰਮ ਰੱਖਣਾ, ਪੁਰਖਿਆਂ ਦੀ ਲਾਜ ਰੱਖਣੀ, ਅਕਾਲ ਪੁਰਖ ਸਹਾਈ ਰਹੇਗਾ…।”
ਦਾਦੀ ਮਾਂ ਦੇ ਨਸੀਹਤ ਭਰੇ ਬੋਲ, ਸਾਹਿਬਜ਼ਾਦਿਆਂ ਦੇ ਕੰਨੀਂ ਗੂੰਜ ਰਹੇ ਸਨ।
ਸੰਪਰਕ: 98151-23900