ਬਲਦੇਵ ਸਿੰਘ (ਸੜਕਨਾਮਾ)
ਪਿਛਲੇ ਕੁਝ ਸਮੇਂ ਤੋਂ ਪ੍ਰੋ. ਕੌਤਕੀ ਨੂੰ ਮਿਲਣ ਤੋਂ ਮੈਂ ਕਤਰਾਉਣ ਲੱਗਾ ਹਾਂ। ਇਕ ਤਾਂ ‘ਓਡਾਂ ਦੀ ਗਧੀ’ ਵਾਂਗੂ ਉਸ ਦੇ ਟਿਕਾਣੇ ਦਾ ਪਤਾ ਨਹੀਂ ਲੱਗਦਾ। ਮਹੀਨੇ ਦੇ ਪਹਿਲੇ ਦਿਨਾਂ ’ਚ ਉਹ ਪੰਜਾਬ ਹੁੰਦਾ ਹੈ, ਅੱਧ ਮਹੀਨੇ ’ਚ ਫੋਨ ਆਉਂਦਾ, ‘‘ਯੂ.ਐੱਸ. ਤੋਂ ਬੋਲ ਰਿਹੈ।’’ ਅੰਤਲੇ ਦਿਨਾਂ ਵਿਚ ਫਿਰ ਪੰਜਾਬ ਫਿਰਦਾ ਹੁੰਦੈ। ਵਿਦੇਸ਼ ਤਾਂ ਉਸ ਨੇ ਇਉਂ ਬਣਾਇਐ, ਜਿਵੇਂ ਮੋਗੇ ਤੋਂ ਲੰਢੇ ਕੇ ਜਾਣਾ ਹੁੰਦੈ। ਉੱਪਰੋਂ ਇਹ ਪੰਗਾ ਜਦ ਵੀ ਆਉਂਦਾ ਹੈ ਅਜਿਹਾ ਸੱਪ ਕੱਢਦੈ, ਨਾ ਉਹ ਕੀਲਿਆ ਜਾਵੇ ਨਾ ਪਟਾਰੀ ਵਿਚ ਪਵੇ। ਬਹੁਤੀ ਵਾਰ ਚਿੜੀਆਂ ਦੇ ਮਰਨ ਤੇ ਗੰਵਾਰਾਂ ਦੇ ਹਾਸੇ ਵਾਲੀ ਹਾਲਤ ਹੋ ਜਾਂਦੀ ਹੈ।
ਜਦੋਂ ਗੱਲ ਕਰੂ, ਮੈਟਰੋਪੌਲੀਟਨ ਸਿਟੀ, ਮੌਅਲਜ਼, ਮਲਟੀਪਲੈਕਸ ਤੋਂ ਹੇਠਾਂ ਨਹੀਂ ਉਤਰਦਾ। ਗਿਆ ਉਹ ਛੋਟੇ ਨਗਰਾਂ ਤੋਂ ਹੀ ਹੈ, ਪਰ ਹੁਣ ਉਸ ਨੂੰ ਮਹਾਨਗਰਾਂ ਦਾ ਵਿਦੇਸ਼ੀ ਰੰਗ ਚੜ੍ਹਿਆ ਹੋਇਐ। ਇਸ ਵਾਰ ਜਦੋਂ ਆਇਆ, ਗ਼ਲਤੀ ਮੈਥੋਂ ਹੀ ਹੋ ਗਈ, ਪੁੱਛ ਬੈਠਾ, ਕੀ ਲੈਣ ਆਉਨੈਂ, ਇੱਥੇ ਬਾਰ ਬਾਰ, ਹੈ ਕੀ ਇੱਥੇ? ਖਾਲੀ ਤਾਂ ਹੋਇਐ ਪਿਐ ਪੰਜਾਬ।
ਪ੍ਰੋ. ਕੌਤਕੀ ਤਾਂ ਜਿਵੇਂ ਮੌਕਾ ਭਾਲਦਾ ਸੀ।
‘‘ਪੰਜਾਬ ਖਾਲੀ ਇਉਂ ਨ੍ਹੀਂ ਹੋਇਆ, ਜਿਵੇਂ ਤੂੰ ਸੋਚਦੈ?’’ ਮੈਨੂੰ ਲੱਗਿਆ ਉਹ ਮੇਰੀ ਅਕਲ ’ਤੇ ਹੱਸਿਆ।
‘‘ਕਿਵੇਂ ਹੋਇਐ ਫਿਰ?’’ ਮੈਂ ਕੁਝ ਰੁੱਖਾ ਬੋਲਿਆ।
‘‘ਮੇਰੀ ਜਾਨ ਤੈਨੂੰ ਪਤਾ ਹੋਣਾ ਚਾਹੀਦੈ, ਪੰਜਾਬ ਦੀ ਇਕ ਪੀੜ੍ਹੀ ਤਾਂ 1947 ਦੀ ਦੇਸ਼ ਵੰਡ ਨੇ ਖਾ ਲਈ। ਅਜੇ ਮਸਾਂ ਪੈਰ ਟਿਕਾਉਣ ਜੋਗੇ ਹੋਏ। ਜ਼ਖਮਾਂ ਨੂੰ ਭੁੱਲਣ ਲੱਗੇ। ਫੇਰ ਦੂਜੀ ਪੀੜ੍ਹੀ ਅਤਿਵਾਦ ਨੇ ਭਾਵੇਂ ਇਸ ਨੂੰ ਮਨ ਦੀ ਤਸੱਲੀ ਲਈ ਖਾੜਕੂਵਾਦ ਕਹਿ ਲਈਏ, ਇਸ ਦੌਰ ਨੇ ਖਤਮ ਕਰ ਦਿੱਤੀ। ਫੇਰ ਪਤੈ ਕੀ ਹੋਇਆ ਇਸ ਤੋਂ ਬਾਅਦ?’’ ਮੇਰਾ ਗਿਆਨ ਪਰਖਣ ਲਈ, ਉਹ ਫਿਰ ਮੇਰੇ ਵੱਲ ਸਿੱਧਾ ਝਾਕਿਆ। ਜਿਵੇਂ ਵੰਗਾਰਦਾ ਹੋਵੇ।
‘‘ਤੂੰ ਹੀ ਦੱਸੀ ਚੱਲ।’’ ਮੈਂ ਜਿਵੇਂ ਹੱਥ ਖੜ੍ਹੇ ਕਰ ਦਿੱਤੇ।
‘‘ਭਾਈ ਜਾਨ, ਪੰਜਾਬ ਦੀ ਤੀਜੀ ਪੀੜ੍ਹੀ ਨੂੰ ਚਿੱਟਾ ਨਿਗਲ ਗਿਆ ਤੇ ਹੁਣ ਕੀ ਦੇਖਦੈਂ?’’ ਉਹ ਮੇਰਾ ਇਮਤਿਹਾਨ ਲੈਣ ਲੱਗਾ। ‘‘ਹੁਣ ਤਾਂ ਮੈਂ ਤੈਨੂੰ ਦੇਖ ਰਿਹਾਂ।’’ ਮੈਂ ਕਿਹਾ।
‘‘ਇਹ ਮਜ਼ਾਕ ਨਹੀਂ ਹੈ, ਇਹ ਫ਼ਿਕਰ ਕਰਨ ਵਾਲੀ ਗੱਲ ਹੈ, ਇਹ ਪੰਜਾਬ ਲਈ ਬੜਾ ਖ਼ਤਰਨਾਕ ਰੁਝਾਨ ਹੈ। ਸਾਡੀ ਚੌਥੀ ਪੀੜ੍ਹੀ ਆਈਲੈਟਸ ਨੇ ਖਾ ਲਈ। ਹਰ ਸਾਲ ਘੱਟੋ ਘੱਟ ਡੇਢ ਲੱਖ ਨੌਜਵਾਨ ਮੁੰਡੇ-ਕੁੜੀਆਂ ਪੰਜਾਬ ਵਿੱਚੋਂ ਜਾ ਰਹੇ ਨੇ। ਤੈਨੂੰ ਮੈਂ ਹੋਰ ਦੱਸਾਂ, ਪੰਜਾਬ ਦੀ ਪੰਜਵੀਂ ਪੀੜ੍ਹੀ ਰਾਜਨੀਤੀ ਨੇ ਖਤਮ ਕਰ ਦੇਣੀ ਹੈ…ਏਥੇ ਕੀ ਬਚਣੈ, ਬਾਬਾ ਜੀ ਕਾ ਠੁੱਲੂ? ਪੰਜਾਬ ਤੇਰਾ ਕੌਣ ਬੇਲੀ? ਸਾਡੇ ਆਗੂਆਂ ਨੂੰ ਤਾਂ ਆਪਣੀਆਂ ਕੁਰਸੀਆਂ ਬਚਾਉਣਾ ਦਾ ਫ਼ਿਕਰ ਹੀ ਲੱਗਿਆ ਰਹਿੰਦੈ ਜਾਂ ਫਿਰ ਵਿਰੋਧੀਆਂ ਦੇ ਪੋਤੜੇ ਫਰੋਲਣ ਤੋਂ ਹੀ ਵਿਹਲ ਨਹੀਂ ਮਿਲਦੀ। ਪੰਜਾਬ ਦੇ ਲੋਕਾਂ ਬਾਰੇ, ਵਿਹਲੇ ਫਿਰਦੇ ਨੌਜਵਾਨਾਂ ਬਾਰੇ, ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਕਿਸ ਨੇ ਸੋਚਣੈ? ਇਹੀ ਅੱਚਵੀ ਮੈਨੂੰ ਟਿਕਣ ਨਹੀਂ ਦਿੰਦੀ। ਇੱਧਰ ਆਉਂਦਾ ਹਾਂ, ਉੱਧਰ ਭੱਜ ਜਾਨੈ, ਉੱਧਰ ਜਾਂਦਾ ਹਾਂ ਇੱਧਰ ਭੱਜ ਆਉਨੈਂ…।’’ ਉਸ ਨੇ ਸਾਹ ਲਿਆ ਤੇ ਪ੍ਰਤੀਕਰਮ ਜਾਣਨ ਲਈ ਮੇਰੇ ਵੱਲ ਵੇਖਣ ਲੱਗਾ।
ਮੈਨੂੰ ਕੁਝ ਤਾਂ ਕਹਿਣਾ ਪੈਣਾ ਸੀ, ਮੈਂ ਕਿਹਾ:
‘‘ਕੌਤਕੀ, ਤੇਰੀਆਂ ਗੱਲਾਂ ਸੁਣ ਕੇ ਮੈਨੂੰ ਗੁਲਜ਼ਾਰ ਦੀ ਇਕ ਕਵਿਤਾ ਯਾਦ ਆ ਰਹੀ ਹੈ।
ਨਿੱਕੇ ਹੁੰਦੇ ਸਾਂ ਤਾਂ ਮਦਾਰੀ ਖੁਦਾ ਲੱਗਦਾ ਸੀ।
ਵੱਡੇ ਹੋ ਕੇ ਦੇਖਦੇ ਹਾਂ ਤਾਂ ਖੁਦਾ ਮਦਾਰੀ ਲੱਗਦਾ ਹੈ…।’’
‘‘ਤੂੰ ਮੈਨੂੰ ਵੀ ਹੁਣ ਇਵੇਂ ਲੱਗ ਰਿਹਾ ਹੈ। ਮੈਂ ਛੋਟੇ ਨਗਰਾਂ ਵਿੱਚ ਰਹਿਣ ਵਾਲਾ, ਮੇਰੇ ਸਾਧਨ ਵੀ ਛੋਟੇ, ਮੇਰੀ ਸੀਮਾ ਵੀ ਵਿਸ਼ਾਲ ਨਹੀਂ। ਤੇਰੇ ਵਾਂਗ ਨਾ ਸੋਚ ਸਕਦਾ ਹਾਂ, ਨਾ ਵਿਵਹਾਰ ਕਰ ਸਕਦਾ ਹਾਂ। ਅਸੀਂ ਲੋਕ ਤਾਂ ਸਿਆਸਤ ਨੇ ਅੰਨ੍ਹੇ ਬਣਾ ਦਿੱਤੇ ਹਾਂ। ਉਸ ਉੱਪਰ ਵੀ ਕਿਹਾ ਜਾਂਦਾ ਹੈ- ਮਹਾਤਮਾ ਗਾਂਧੀ ਦੇ ਤਿੰਨ ਬਾਂਦਰ ਬਣੇ ਰਹੋ। ਅਸੀਂ ਲੋਕ ਬਣੇ ਹੋਏ ਹਾਂ। ਕੀ ਪਤਾ, ਉਨ੍ਹਾਂ ਬਾਂਦਰਾਂ ਲਾਗੇ ਇਕ ਚੌਥਾ ਬਾਂਦਰ ਵੀ ਬਿਠਾ ਦਿੱਤਾ ਜਾਵੇ ਜਿਸ ਦਾ ਸਿਰ ਹੀ ਨਾ ਹੋਵੇ। ਨਾ ਦੇਖੇ, ਨਾ ਸੁਣੇ, ਨਾ ਬੋਲੇ, ਨਾ ਸੋਚੇ। ਸਿਰਫ਼ ਇਕ ਧੜ। ਲੋਕਤੰਤਰ ਪ੍ਰਣਾਲੀ ਵਿਚ ਇਕ ਵੋਟ।’’
‘‘ਲੀਡਰਾਂ ਦੇ ਆਪਣੇ ਫ਼ਿਕਰ ਹੁੰਦੇ ਨੇ। ਸਮਾਜ ਦੇ ਹਰ ਵਰਗ ਨੂੰ ਸੰਤੁਸ਼ਟ ਤਾਂ ਕੀਤਾ ਜਾ ਨਹੀਂ ਸਕਦਾ।’’ ਮੈਂ
ਦਲੀਲ ਦਿੱਤੀ।
‘‘ਕਿਉਂ ਨਹੀਂ ਸੰਤੁਸ਼ਟ ਕੀਤਾ ਜਾ ਸਕਦਾ?’’ ਕੌਤਕੀ ਕਾਹਲੀ ਨਾਲ ਬੋਲਿਆ।
‘‘ਤੂੰ ਮੁੱਖ ਮੰਤਰੀ ਹੋਵੇ ਕੀ ਕਰੇਂ?’’ ਮੇਰੇ ਮੂੰਹੋਂ ਨਿਕਲ ਗਿਆ।
ਕੌਤਕੀ ਹੱਸ ਪਿਆ- ‘‘ਪਹਿਲੀ ਗੱਲ ਤਾਂ ਇਹ ਹੈ, ਨਾ ਮੇਰੀ ਕੋਈ ਉਮਰ ਹੈ, ਦੂਜੀ ਗੱਲ ਨਾ ਮੇਰੀ ਕੋਈ ਲਾਲਸਾ ਹੈ, ਤੀਜੀ ਗੱਲ ਮੈਂ ਮੁੱਖ ਮੰਤਰੀ ਹੀ ਕਿਉਂ ਹੋਵਾਂ? ਜੇ ਲਿੱਦ ਹੀ ਖਾਣੀ ਹੈ ਤਾਂ ਸਿਆਣੇ ਆਖਦੇ ਨੇ ਜ਼ਰੂਰੀ ਖੋਤੇ ਦੀ ਖਾਣੀ ਹੈ, ਹਾਥੀ ਦੀ ਖਾਓ, ਯਾਨੀ ਵੱਡੇ ਸੁਪਨੇ ਲਓ ਤੇ ਮੈਂ ਪ੍ਰਧਾਨ ਮੰਤਰੀ ਦੇ ਸੁਪਨੇ ਕਿਉਂ ਨਾ ਲਵਾਂ? ਤੇ ਜੇ ਇਹ ਹੋ ਜਾਵੇ ਤਾਂ ਸਭ ਤੋਂ ਪਹਿਲਾ ਕੰਮ ਇਹ ਕਰਾਂ, ਅਜਿਹਾ ਕਾਨੂੰਨ ਪਾਸ ਕਰਵਾਵਾਂ, ਜਿਹੜੀ ਵੀ ਪਾਰਟੀ ਦਾ ਮੈਂਬਰ ਚਾਹੇ ਕਿਸੇ ਰਾਜ ਦੀ ਜਾਂ ਕੇਂਦਰ ਦੀ ਚੋਣ ਜਿੱਤ ਕੇ ਆਇਆ ਹੈ, ਉਹ ਪੰਜ ਸਾਲ ਉਸੇ ਪਾਰਟੀ ਵਿਚ ਰਹੇਗਾ। ਜੇ ਦਲਬਦਲੀ ਕਰੇਗਾ ਤਾਂ ਉਹ ਮੈਂਬਰੀ ਤੋਂ ਬਰਖਾਸਤ ਹੋਵੇਗਾ, ਫਿਰ ਜਿਹੜੀ ਪਾਰਟੀ ’ਚ ਜਾਣਾ ਚਾਹੇ, ਚਲਾ ਜਾਵੇ ਤੇ ਦੁਬਾਰਾ ਚੋਣ ਲੜੇ। ਦੂਜਾ ਕੰਮ ਮੈਂ ਇਹ ਕਰਾਂ ਕਿ ਚੋਣ ਕਮਿਸ਼ਨ ਨੂੰ ਮੁਕੰਮਲ ਤੌਰ ’ਤੇ ਖ਼ੁਦਮੁਖਤਿਆਰੀ ਦੇ ਦੇਵਾਂ। ਤੀਜਾ ਕੰਮ ਇਹ ਕਰਾਂ, ਚੋਣਾਂ ਸਮੇਂ ਜਾਂ ਅੱਗੇ ਪਿੱਛੇ ਕਦੇ ਵੀ ਰੋਡ ਸ਼ੋਅ ਨਾ ਕੀਤੇ ਜਾਣ, ਨਾ ਵੱਡੀਆਂ ਰੈਲੀਆਂ ਕੀਤੀਆਂ ਜਾਣ। ਜਿਸ ਨੇ ਚੋਣ ਪ੍ਰਚਾਰ ਕਰਨਾ ਹੈ, ਆਪਣੇ ਪੰਜ, ਦਸ ਜਾਂ ਪੰਦਰਾਂ ਪ੍ਰਸੰਸਕ ਲੈ ਕੇ ਘਰ-ਘਰ ਮੁਹੱਲੇ-ਮੁਹੱਲੇ ਜਾਵੇ। ਫਿਰ…।’’
ਮੈਂ ਕੁਝ ਬੋਲਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਉਸ ਨੇ ਰੋਕਿਆ- ‘‘ਸਬਰ ਕਰ, ਸੁਣ ਲੈ ਪਹਿਲਾਂ।’’
‘‘ਅਗਲੀ ਗੱਲ ਇਹ ਕਰਾਂ, ਬੱਸਾਂ ਵਿਚ ਮੁਫ਼ਤ ਸੈਰ ਕਰਨ ਵਾਲੀਆਂ ਬੀਬੀਆਂ ਭਾਵੇਂ ਗੁੱਸੇ ਹੋਣ, ਇਨ੍ਹਾਂ ਦੀ ਅਤੇ ਬਜ਼ੁਰਗਾਂ ਦੀ ਅੱਧੀ ਟਿਕਟ ਕਰਾਂ। ਕਿਸੇ ਨੂੰ ਮੁਫ਼ਤ ਬਿਜਲੀ ਤੇ ਗੈਸ ਸਿਲੰਡਰ ਨਾ ਦੇਵਾਂ, ਅੱਧੇ ਰੇਟ ਕਰ ਦਿਆਂ। ਕਾਰਪੋਰੇਟ ਘਰਾਣਿਆਂ ਦੇ ਟੈਕਸ ਰੇਟ ਡਬਲ ਕਰ ਦਿਆਂ। ਸਿਰਫ਼ ਸਿੱਖਿਆ ਅਤੇ ਮੈਡੀਕਲ ਸੇਵਾਵਾਂ ਸਭ ਲਈ ਮੁਫ਼ਤ ਕਰ ਦੇਵਾਂ….।’’
ਮੇਰੇ ਕੋਲੋਂ ਚੁੱਪ ਨਾ ਰਿਹਾ ਗਿਆ ਤੇ ਕਿਹਾ;
‘‘ਨਾ ਨੌਂ ਮਣ ਤੇਲ ਹੋਵੇਗਾ ਨਾ ਰਾਧਾ ਨੱਚੇਗੀ। ਆਪਣੇ ਤਾਂ ਇਹ ਵੀ ਕਹਿੰਦੇ ਨੇ,-‘ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ।’’
ਕੌਤਕੀ ਬੋਲਿਆ- ‘‘ਕੁੱਬਾ ਘੋੜੀ ਚੜ੍ਹਿਆ ਹੋਵੇ ਜਾਂ ਨਾ ਚੜ੍ਹਿਆ ਹੋਵੇ, ਜੇ ਮੌਕਾ ਮਿਲੇ ਤਾਂ ਸਾਰਿਆਂ ਦੇ ਕੁੱਬ ਕੱਢ ਦਿਆਂ। ਤੂੰ ਇਨ੍ਹਾਂ ਦੇ ਗੁਣ ਗਾਈ ਚੱਲ, ਪਰ ਮੈਂ ਤਾਂ ਇਹੀ ਕਹਾਂਗਾ:
ਮੈਂ ਬੇਪਨਾਹ ਅੰਧੇਰੋਂ ਕੋ ਕੈਸੇ ਸੁਬਹਾ ਕਹੂੰ
ਮੈਂ ਇਨ ਨਜ਼ਾਰੋਂ ਕਾ ਅੰਧਾ ਤਮਾਸ਼ਬੀਨ ਨਹੀਂ।
‘‘ਹੁਣ ਚਾਹ ਕੌਫ਼ੀ ਤਾਂ ਮਰ ਲੈ।’’ ਮੈਂ ਖਿਝ ਕੇ ਕਿਹਾ ਤੇ ਉੱਠ ਕੇ ਰਸੋਈ ਵੱਲ ਤੁਰ ਪਿਆ।
ਸੰਪਰਕ: 98147-83069