ਬਰਜਿੰਦਰ ਕੌਰ ਬਿਸਰਾਓ
ਅੱਜ ਦੇ ਸਮਾਜ ਵਿੱਚ ਵਿਚਰਦਿਆਂ ਜੇ ਗਹੁ ਨਾਲ ਵਾਚੀਏ ਤਾਂ ਬਹੁਤੇ ਲੋਕਾਂ ਨੇ ਤਣਾਅ ਅਤੇ ਜ਼ਿਆਦਾ ਗੁੱਸੇ ਵਰਗੀਆਂ ਅਜਿਹੀਆਂ ਕੋਝੀਆਂ ਮਾਨਸਿਕ ਬਿਮਾਰੀਆਂ ਸਹੇੜ ਲਈਆਂ ਹਨ ਜੋ ਦਿਨ-ਬ-ਦਿਨ ਘਰਾਂ ਦੇ ਘਰ ਤਬਾਹ ਕਰ ਰਹੀਆਂ ਹਨ। ਅੱਜ ਦਾ ਮਨੁੱਖ ਤਣਾਅ ਵਿੱਚ ਜ਼ਿਆਦਾ ਰਹਿਣ ਲੱਗ ਪਿਆ। ਉਸ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ। ਮਨੁੱਖ ਅੰਦਰ ਐਨੀ ਜ਼ਿਆਦਾ ਅਸਤੁੰਸ਼ਟੀ ਅਤੇ ਅਸੰਜਮਤਾ ਕਿਉਂ ਪੈਦਾ ਹੋ ਰਹੀ ਹੈ? ਅੱਜ ਉਸ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਉਹ ਨਾਖੁਸ਼ ਕਿਉਂ ਹੈ? ਅੱਜ ਦੇ ਮਨੁੱਖ ਦਾ ਚਿਹਰਾ ਉਦਾਸ, ਥੱਕਿਆ ਤੇ ਬੁਝਿਆ ਬੁਝਿਆ ਕਿਉਂ ਹੈ?
ਇਨ੍ਹਾਂ ਸਭਨਾਂ ਦੇ ਜਵਾਬ ਤੇ ਹੱਲ ਕਿਤੋਂ ਬਾਹਰੋਂ ਨਹੀਂ ਲੱਭੇ ਜਾ ਸਕਦੇ। ਇਨ੍ਹਾਂ ਬਾਰੇ ਹਰ ਮਨੁੱਖ ਨੂੰ ਆਪਣੇ ਆਪ ਨਾਲ ਅੰਦਰੂਨੀ ਸਾਂਝ ਪਾਉਣੀ ਪੈਣੀ ਹੈ। ਉਸ ਨੂੰ ਆਪਣਾ ਅੰਦਰ ਖੋਜਣ ਦੀ ਲੋੜ ਹੈ। ਨਹੀਂ ਤਾਂ ਇਹ ਬਿਮਾਰੀਆਂ ਮਨੁੱਖ ਨੂੰ ਘੁਣ ਵਾਂਗ ਅੰਦਰੋਂ ਅੰਦਰ ਖ਼ਤਮ ਕਰਦੀਆਂ ਜਾਂਦੀਆਂ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਮੌਤ ਸਸਤੀ ਹੋ ਰਹੀ ਹੈ ਅਤੇ ਜ਼ਿੰਦਗੀਆਂ ਮਹਿੰਗੀਆਂ ਹੋ ਰਹੀਆਂ ਹਨ। ਅੱਜ ਆਤਮਹੱਤਿਆ ਕਰ ਲੈਣਾ ਜਾਂ ਫਿਰ ਆਪਣੇ ਕਰੋਧ ਦਾ ਸ਼ਿਕਾਰ ਦੂਜਿਆਂ ਨੂੰ ਬਣਾ ਕੇ ਖ਼ਤਮ ਕਰ ਦੇਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ।
ਜਿਹੜੇ ਸਮਿਆਂ ਵਿੱਚ ਲੋਕ ਹੱਥੀਂ ਕਿਰਤ ਕਰਦੇ ਸਨ, ਆਲੀਸ਼ਾਨ ਕੋਠੀਆਂ ਦੀ ਥਾਂ ਸਾਧਾਰਨ ਜਿਹੇ ਘਰਾਂ ਵਿੱਚ ਰਹਿੰਦੇ ਸਨ, ਏ.ਸੀ. ਦੀ ਠੰਢੀ ਹਵਾ ਦੀ ਥਾਂ ਆਪ ਹੱਥੀਂ ਪੱਖੀਆਂ ਫੜ ਕੇ ਝੱਲ ਮਾਰਦੇ ਹੋਏ ਸੌਂ ਜਾਂਦੇ ਸਨ, ਕਾਰਾਂ ਤੇ ਮੋਟਰਾਂ ਦੀ ਥਾਂ ਪੈਦਲ ਤੁਰ ਕੇ ਰਿਸ਼ਤੇਦਾਰੀਆਂ ਵਿੱਚ ਮਿਲ ਆਉਂਦੇ ਸਨ, ਛੱਤੀ ਤਰ੍ਹਾਂ ਦੇ ਪਕਵਾਨਾਂ ਦੀ ਥਾਂ ਦਾਲ ਰੋਟੀ ਨਾਲ ਢਿੱਡ ਭਰ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ, ਉਨ੍ਹਾਂ ਸਮਿਆਂ ਵਿੱਚ ਨਾ ਆਤਮਹੱਤਿਆ ਦਾ ਰੁਝਾਨ ਸੀ ਤੇ ਨਾ ਨਿੱਕੀ ਨਿੱਕੀ ਗੱਲ ’ਤੇ ਗੁੱਸਾ ਕਰਕੇ ਦੂਜਿਆਂ ਨੂੰ ਉਸ ਦਾ ਸ਼ਿਕਾਰ ਬਣਾਉਣ ਦਾ ਰੁਝਾਨ ਸੀ। ਜਦ ਕਿ ਉਸ ਸਮੇਂ ਦੇ ਮੁਕਾਬਲੇ ਅੱਜ ਦਾ ਮਨੁੱਖ ਤਾਂ ਸ਼ਾਹੀ ਜੀਵਨ ਬਤੀਤ ਕਰ ਰਿਹਾ ਹੈ। ਗੱਲ ਉੱਥੇ ਹੀ ਆ ਕੇ ਮੁੱਕਦੀ ਹੈ, ਉਹ ਹੈ ਮਨੁੱਖ ਦੇ ਅੰਦਰ ਦੀ ਸੰਤੁਸ਼ਟੀ ਦੀ। ਉਸ ਦੇ ਅੰਦਰ ਪੈਦਾ ਹੋਣ ਵਾਲੇ ਵਿਚਾਰਾਂ ਦੀ ਕਿਉਂਕਿ ਅੱਜ ਦਾ ਮਨੁੱਖ ਸਹਿਜਤਾ ਵਾਲੀ ਸੋਚ ਤੋਂ ਕੰਮ ਲੈਣਾ ਭੁੱਲ ਗਿਆ ਹੈ।
ਉਪਰੋਕਤ ਪਰਿਸਥਿਤੀਆਂ ਪੈਦਾ ਹੋਣ ਤੋਂ ਬਚਣ ਲਈ ਹਰ ਮਨੁੱਖ ਨੂੰ ਬਾਹਰੀ ਸਮਾਜਿਕ ਰਿਸ਼ਤਿਆਂ ਦੇ ਜੋੜ ਤੋੜ ਸਮੇਂ ਆਪਣੇ ਅੰਦਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਸਿੱਖਣਾ ਪਵੇਗਾ। ਜਿਹੜੇ ਵਿਅਕਤੀ ਆਪਣੇ ਸਾਰੇ ਫ਼ੈਸਲੇ ਸਹਿਜਤਾ ਅਤੇ ਸੰਜਮਤਾ ਨਾਲ ਲੈਂਦੇ ਹਨ, ਉਹ ਜਾਣੇ ਅਣਜਾਣੇ ਵਿੱਚ ਕਿਤੇ ਨਾ ਕਿਤੇ ਆਪਣੇ ਅੰਦਰ ਨਾਲ ਜੁੜੇ ਹੋਏ ਹੁੰਦੇ ਹਨ। ਸਾਡਾ ਬਾਹਰੀ ਵਰਤਾਰਾ ਸਾਡੇ ਅੰਦਰ ਉੱਪਰ ਨਿਰਭਰ ਕਰਦਾ ਹੈ। ਪਹਿਲੇ ਸਮਿਆਂ ਵਿੱਚ ਪਰਿਵਾਰਾਂ ਦੇ ਵੱਡੇ ਹੋਣ ਕਰਕੇ ਅਤੇ ਲੋਕਾਂ ਦੀ ਜੀਵਨਸ਼ੈਲੀ ਸਾਦੀ ਤੇ ਸਾਧਾਰਨ ਹੋਣ ਕਰਕੇ ਲੋਕ ਆਪਸ ਵਿੱਚ ਰੁੱਝੇ ਰਹਿੰਦੇ ਸਨ। ਹੱਥੀਂ ਮਿਹਨਤ ਕਰਨ ਕਰਕੇ ਅਤੇ ਸਾਧਨਾਂ ਦੀ ਕਮੀ ਹੋਣ ਕਰਕੇ ਜ਼ਿਆਦਾ ਸਮਾਂ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਨਿਭਾਉਂਦੇ ਹੋਏ ਬਤੀਤ ਕਰਦੇ ਸਨ। ਜਿਸ ਕਰਕੇ ਉਨ੍ਹਾਂ ਕੋਲ ਸੋਚਣ ਦਾ ਸਮਾਂ ਘੱਟ ਹੁੰਦਾ ਸੀ ਤੇ ਉਹ ਮਾਨਸਿਕ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ। ਨਾ ਉਦੋਂ ਕਿਸੇ ਨੂੰ ਡਿਪਰੈਸ਼ਨ ਹੁੰਦੀ ਸੀ, ਨਾ ਆਤਮਹੱਤਿਆ ਵਰਗੀਆਂ ਘਟਨਾਵਾਂ ਤੇ ਨਾ ਹੀ ਕਤਲੋਗਾਰਦ ਵਰਗੀਆਂ ਘਟਨਾਵਾਂ ਹੁੰਦੀਆਂ ਸਨ। ਹੁਣ ਜ਼ਮਾਨਾ ਉਸ ਤੋਂ ਬਹੁਤ ਉਲਟ ਚੱਲ ਰਿਹਾ ਹੈ। ਅੱਜ ਪਰਿਵਾਰਕ ਸਾਂਝਾਂ ਘਟ ਗਈਆਂ ਹਨ, ਪਦਾਰਥਵਾਦੀ ਯੁੱਗ ਹੋਣ ਕਰਕੇ ਹਰ ਮਨੁੱਖ ਉੱਪਰ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੀ ਹੋੜ, ਇੰਟਰਨੈੱਟ ਅਤੇ ਮੋਬਾਈਲ ਫੋਨਾਂ ਦਾ ਬੋਲਬਾਲਾ ਹੈ ਜੋ ਸਿੱਧੇ ਤੌਰ ’ਤੇ ਮਨੁੱਖ ਨੂੰ ਮਾਨਸਿਕ ਤਣਾਅ ਵਿੱਚ ਲਿਜਾ ਰਿਹਾ ਹੈ। ਹਉਮੈ ਦਾ ਬੋਲਬਾਲਾ ਹੈ ਜਿਸ ਕਾਰਨ ਆਪਸੀ ਵਿਚਾਰਕ ਸਾਂਝਾਂ ਕਰਨ ਨੂੰ ਆਪਣੀ ਹੇਠੀ ਸਮਝਣਾ, ਪੱਛਮੀ ਪ੍ਰਭਾਵ ਵਾਲੀ ਸੱਭਿਅਤਾ ਅਨੁਸਾਰ ਰਹਿਣ ਸਹਿਣ ਬਣਾਉਣ ਦੀ ਕੋਸ਼ਿਸ਼ ਕਰਦੇ ਕਰਦੇ ਜਿੱਥੇ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ ਉੱਥੇ ਉਹ ਆਪਣੇ ਆਪ ਤੋਂ ਵੀ ਦੂਰ ਹੋ ਰਿਹਾ ਹੈ ਜਿਸ ਕਰਕੇ ਛੋਟੀ ਜਿਹੀ ਮੁਸੀਬਤ ਆਉਣ ’ਤੇ ਆਤਮਹੱਤਿਆ ਵਰਗੇ ਕਦਮ ਉਠਾਉਣੇ ਜਾਂ ਦੂਜਿਆਂ ਪ੍ਰਤੀ ਹਿੰਸਕ ਪ੍ਰਵਿਰਤੀ ਪੈਦਾ ਕਰ ਲੈਣੀ ਆਮ ਜਿਹੀ ਗੱਲ ਹੋ ਗਈ ਹੈ।
ਅੱਜ ਦੇ ਜ਼ਮਾਨੇ ਵਿੱਚ ਹਰ ਮਨੁੱਖ ਨੂੰ ਤਣਾਅ ਅਤੇ ਗੁੱਸੇ ਤੋਂ ਬਚਣ ਲਈ ਹਰ ਰੋਜ਼ ਸਵੇਰੇ ਉੱਠਣਸਾਰ ਆਪਣੇ ਆਪ ਨੂੰ ਚੰਗੀ ਸੋਚ ਅਤੇ ਵਿਚਾਰ ਪੈਦਾ ਕਰਕੇ ਨਵੇਂ ਦਿਨ ਲਈ ਤਿਆਰ ਕਰਨਾ ਚਾਹੀਦਾ ਹੈ। ਜਿਵੇਂ ਤਿਆਰ ਜ਼ਮੀਨ ਵਿੱਚ ਜਿਹੋ ਜਿਹਾ ਬੀਜ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਦੀ ਫ਼ਸਲ ਹੀ ਉੱਗਦੀ ਹੈ। ਉਸੇ ਤਰ੍ਹਾਂ ਸਵੇਰੇ ਉੱਠਦੇ ਸਾਰ ਮਨ ਵਿੱਚ ਚੰਗੇ ਵਿਚਾਰਾਂ ਦੇ ਬੀਜ ਪਾਏ ਜਾਣਗੇ ਤਾਂ ਸਾਰਾ ਦਿਨ ਚੰਗਾ ਹੀ ਬੀਤੇਗਾ। ਜਦ ਮਨੁੱਖ ਸਾਰਾ ਦਿਨ ਚੰਗੇ ਵਿਚਾਰਾਂ ਦਾ ਧਾਰਨੀ ਬਣ ਕੇ ਸਮਾਜ ਵਿੱਚ ਵਿਚਰੇਗਾ ਤਾਂ ਸਮਾਜ ਤੋਂ ਵੀ ਉਹੀ ਕੁਝ ਹਾਸਲ ਹੋਵੇਗਾ। ਅੱਜ ਦੇ ਮਨੁੱਖ ਨੂੰ ਗੱਲ ਗੱਲ ’ਤੇ ਆਪਣੇ ਆਪ ਨੂੰ ਅੰਦਰੋਂ ਤਿਆਰ ਕਰਨ ਦੀ ਲੋੜ ਹੈ। ਉਦਾਹਰਨ ਦੇ ਤੌਰ ’ਤੇ ਕੰਮ ਕਾਰ ਦੀ ਵਜ੍ਹਾ ਕਰਕੇ ਜੇ ਕੋਈ ਗ਼ਲਤ ਵਿਅਕਤੀ ਤੁਹਾਡੇ ਸੰਪਰਕ ਵਿੱਚ ਆ ਗਿਆ ਹੈ, ਉਸ ਤੋਂ ਦੂਰੀ ਬਣਾਉਣ ਬਾਰੇ ਸੋਚਿਆ ਜਾਵੇ ਨਾ ਕਿ ਉਸ ਨਾਲ ਉਲਝਿਆ ਜਾਏ। ਜੇ ਕੋਈ ਮੁਸੀਬਤ ਆ ਗਈ ਹੈ ਤਾਂ ਉਸ ਦਾ ਹੱਲ ਕੱਢਣ ਬਾਰੇ ਸੋਚਣ ਦੀ ਲੋੜ ਹੁੰਦੀ ਹੈ ਨਾ ਕਿ ਆਪਣਾ ਦਿਮਾਗ਼ੀ ਸੰਤੁਲਨ ਗਵਾ ਲਿਆ ਜਾਏ। ਜਾਇਦਾਦ ਜਾਂ ਪੈਸੇ ਧੇਲੇ ਦੇ ਝਗੜੇ ਆਪਸ ਵਿੱਚ ਬੈਠ ਕੇ ਸੁਲਝਾਉਣ ਲਈ ਸੋਚਿਆ ਜਾਵੇ ਨਾ ਕਿ ਮਰਨ ਮਰਾਉਣ ਦੀਆਂ ਗੱਲਾਂ ਕਰਕੇ। ਜੇ ਕਰਜ਼ਾ ਲਿਆ ਹੈ ਤਾਂ ਮਿਹਨਤ ਕਰਕੇ ਉਸ ਨੂੰ ਲਾਹੁਣ ਲਈ ਸੋਚਿਆ ਜਾਵੇ ਨਾ ਕਿ ਆਤਮਹੱਤਿਆ ਕਰਕੇ ਛੁਟਕਾਰਾ ਪਾਉਣ ਲਈ। ਆਪਣੇ ਆਪ ਨੂੰ ਅੰਦਰੋਂ ਐਨਾ ਸਮਝਦਾਰ ਸਮਝੋ ਕਿ ਜੋ ਮੁਸੀਬਤ ਦਾ ਹੱਲ ਤੁਸੀਂ ਸੋਚ ਰਹੇ ਹੋ ਉਹ ਬਿਲਕੁਲ ਸਹੀ ਹੋਵੇਗਾ।
ਜਿੰਨਾ ਤੁਸੀਂ ਆਪਣੇ ਆਪ ਨੂੰ ਗ਼ਲਤੀਆਂ ਕਰਨ ਤੋਂ ਰੋਕੋਗੇ ਓਨੇ ਹੀ ਤੁਸੀਂ ਵਧੀਆ ਇਨਸਾਨ ਬਣਦੇ ਜਾਵੋਗੇ, ਜਿੰਨਾ ਆਪਣੇ ਆਪ ਨੂੰ ਹੌਸਲਾ ਦੇਵੋਗੇ ਓਨੇ ਹੀ ਦਲੇਰ ਬਣਦੇ ਜਾਵੋਗੇ। ਜਿੰਨਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਓਨਾ ਹੀ ਜੀਵਨ ਖੁਸ਼ਹਾਲ ਬਣਦਾ ਜਾਵੇਗਾ। ਜਿੰਨਾ ਸਵੈ ਪ੍ਰੇਰਕ ਬਣੋਗੇ ਓਨਾ ਹੀ ਦੁਨੀਆ ਲਈ ਪ੍ਰੇਰਨਾਸਰੋਤ ਬਣਦੇ ਜਾਵੋਗੇ। ਇਸ ਤਰ੍ਹਾਂ ਅੱਜ ਦੀ ਭੱਜ ਦੌੜ ਅਤੇ ਤਣਾਅ ਭਰਪੂਰ ਜ਼ਿੰਦਗੀ ਵਿੱਚ ਨਕਾਰਾਤਮਕਤਾ ਦੂਰ ਕਰਨ ਲਈ ਆਪਣੇ ਅੰਦਰ ਦੀਆਂ ਅਣਗੌਲੀਆਂ ਸ਼ਕਤੀਆਂ ਨੂੰ ਉਜਾਗਰ ਕਰਨ ਲਈ ਆਪਣੇ ਆਪ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜਦੋਂ ਮਨੁੱਖ ਕਿਸੇ ਵੀ ਮੁਸੀਬਤ ਸਮੇਂ ਸਵੈ ਵਿਚਾਰ ਵਟਾਂਦਰਾ ਕਰਕੇ ਹੱਲ ਕੱਢਣ ਦੇ ਯੋਗ ਹੋ ਜਾਵੇਗਾ ਤਾਂ ਸਮਝੋ ਉਹ ਕਿਸੇ ਵੀ ਪਰਿਸਥਿਤੀ ਨੂੰ ਹਰਾਉਣ ਦੇ ਯੋਗ ਹੋ ਜਾਵੇਗਾ ਤੇ ਆਤਮ ਹਤਿਆਰਾ ਬਣਨ ਦੀ ਥਾਂ ਆਤਮ ਰੱਖਿਅਕ ਬਣ ਜਾਵੇਗਾ।
ਸੰਪਰਕ: 99889-01324