ਅਹਿਮਦਾਬਾਦ, 23 ਜੁਲਾਈ
ਮਨੀਪੁਰ ’ਚ ਬਣੇ ਹਿੰਸਕ ਹਾਲਾਤ ਨੂੰ ਕਾਬੂ ਕਰਨ ’ਚ ਭਾਜਪਾ ਸਰਕਾਰ ਦੇ ਕਥਿਤ ਤੌਰ ’ਤੇ ਨਾਕਾਮ ਰਹਿਣ ਕਾਰਨ ਅੱਜ ਗੁਜਰਾਤ ਦੇ ਕਬਾਇਲੀ ਬਹੁ-ਗਿਣਤੀ ਵਾਲੇ ਇਲਾਕਿਆਂ ’ਚ ਮੁਕੰਮਲ ਬੰਦ ਰਿਹਾ। ਕਬਾਇਲੀ ਬਹੁ-ਗਿਣਤੀ ਵਾਲੇ 14 ਜ਼ਿਲ੍ਹਿਆਂ ’ਚੋਂ ਤਾਪੀ, ਵਲਸਾਡ, ਦਾਹੋਦ, ਪੰਚਮਹਿਲ, ਨਰਮਦਾ ਤੇ ਛੋਟਾ ਉਦੈਪੁਰ ’ਚ ਕਈ ਬਾਜ਼ਾਰ ਸੁੰਨਸਾਨ ਨਜ਼ਰ ਆਏ ਕਿਉਂਕਿ ਦੁਕਾਨਾਂ ਬੰਦ ਰਹੀਆਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਬੰਦ ਤਹਿਤ ਧਰਨੇ ਦਿੱਤੇ। ਵੱਖ ਵੱਖ ਕਬਾਇਲੀ ਜਥੇਬੰਦੀਆਂ ਨੇ ਅੱਜ ਬੰਦ ਦਾ ਸੱਦਾ ਦਿੱਤਾ ਸੀ ਜਿਸ ਦੀ ਵਿਰੋਧੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਟਰਾਈਬਲ ਪਾਰਟੀ (ਬੀਟੀਪੀ) ਨੇ ਹਮਾਇਤ ਕੀਤੀ। ‘ਆਪ’ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਚੈਤਰ ਵਸਾਵਾ ਨੇ ਕਿਹਾ ਕਿ ਗੁਜਰਾਤ ਦੇ 14 ਜ਼ਿਲ੍ਹਿਆਂ ਦੇ ਕੁੱਲ 52 ਤਾਲੁਕਾਂ ’ਚ ਬੰਦ ਕਾਮਯਾਬ ਰਿਹਾ। ਕਿਸਾਨਾਂ ਤੇ ਧਾਰਮਿਕ ਜਥੇਬੰਦੀਆਂ ਸਮੇਤ ਕਈ ਵਪਾਰਕ ਜਥੇਬੰਦੀਆਂ ਨੇ ਵੀ ਬੰਦ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਮਨੀਪੁਰ ਹਿੰਸਾ ਰੋਕਣ ਲਈ ਕਦਮ ਚੁੱਕੇਗੀ। -ਪੀਟੀਆਈ