ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਜੁਲਾਈ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਅਤੇ ਨਗਰ ਨਿਗਮ ਚੰਡੀਗੜ੍ਹ ਨੂੰ ਡੱਡੂ ਮਾਜਰਾ ਵਿੱਚ ਡੰਪਿੰਗ ਗਰਾਊਂਡ ਤੋਂ ਪੁਰਾਣੇ ਕੂੜੇ ਦੇ ਪਹਾੜ ਨੂੰ ਸਾਫ਼ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਡੱਡੂ ਮਾਜਰਾ ਦੇ ਡੰਪਿੰਗ ਗਰਾਊਂਡ ਅਤੇ ਵਿਰਾਸਤੀ ਮਾਈਨਿੰਗ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਡੱਡੂ ਮਾਜਰਾ ਦੇ ਵਸਨੀਕਾਂ ਦੀ ਸਿਹਤ ਅਤੇ ਸਵੱਛਤਾ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਚਾਰਦੀਵਾਰੀ ਦੇ ਅੰਦਰ ਪਏ ਆਰਡੀਐੱਫ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਲੋੜ ਪਈ ਤਾਂ ਹੋਰ ਮੈਨਪਾਵਰ ਅਤੇ ਮਸ਼ੀਨਰੀ ਦੀ ਤਾਇਨਾਤੀ ਕਰਕੇ ਮਾਈਨਿੰਗ ਵਾਲੀ ਥਾਂ ਤੋਂ ਬਾਕੀ ਬਚੇ ਪੁਰਾਣੇ ਰਹਿੰਦ-ਖੂੰਹਦ ਨੂੰ ਹੋਰ ਪ੍ਰੋਸੈਸਿੰਗ ਨਾਲ ਹਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ। ਇਸ ਮੌਕੇ ਨਗਰ ਨਿਗਮ ਦੇ ਪ੍ਰਸ਼ਾਸਕ ਦੀ ਫੇਰੀ ਮੌਕੇ ਹਾਜ਼ਰ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਇਥੇ 5 ਲੱਖ ਟਨ ਵਿਰਾਸਤੀ ਰਹਿੰਦ-ਖੂੰਹਦ ਦੀ ਮਾਈਨਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸਤੋਂ ਬਾਅਦ ਖਾਲੀ ਹੋਣ ਵਾਲੀ 20 ਏਕੜ ਜ਼ਮੀਨ ਨੂੰ ਪੱਧਰ ਕਰਨ ਲਈ ਪਟਿਆਲਾ ਦੀ ਰਾਓ ਨਦੀ ਦੀ ਮਿੱਟੀ ਦੀ ਵਰਤੋਂ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਪ੍ਰਸ਼ਾਸਕ ਨੂੰ ਭਰੋਸਾ ਦਿੱਤਾ ਕਿ ਇਸ 20 ਏਕੜ ਜ਼ਮੀਨ ਦੀ ਰਿਕਵਰੀ ਦਾ ਕੰਮ ਅਗਲੇ ਮਹੀਨੇ ਅਗਸਤ 2023 ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅਧਿਕਾਰੀਆਂ ਨੂੰ ਮਾਨਸੂਨ ਦੌਰਾਨ ਢਹਿ ਗਈ ਚਾਰਦੀਵਾਰੀ ਦੀ ਮੁੜ ਉਸਾਰੀ, ਪੁਰਾਣੇ ਕੂੜੇ ਦੀ ਬਾਇਓ-ਟਰੀਟਮੈਂਟ ਅਤੇ ਆਰਜ਼ੀ ਕੰਪੋਸਟਿੰਗ ਪਲਾਂਟ ਦੇ ਨਾਲ ਸੰਗਠਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਸਥਾਪਨਾ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਡੱਡੂ ਮਾਜਰਾ ਡੰਪਿੰਗ ਗਰਾਊਂਡ ਦੇ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਦੌਰੇ ਤੋਂ ਪਹਿਲਾਂ ਨਗਰ ਨਿਗਮ ਦੀ ਟੀਮ ਅੱਜ ਸਵੇਰ ਤੋਂ ਹੀ ਜੰਗੀ ਪੱਧਰ ’ਤੇ ਡੰਪਿੰਗ ਗਰਾਉਂਡ ਦੇ ਆਲੇ-ਦੁਆਲੇ ਦੀ ਸਫ਼ਾਈ ਵਿੱਚ ਜੁਟੀ ਰਹੀ। ਜਿੱਥੇ ਪਿਛਲੇ ਡੇਢ ਮਹੀਨੇ ਤੋਂ ਇਸ ਇਲਾਕੇ ਵਿੱਚ ਬਰਸਾਤ ਕਾਰਨ ਡੰਪਿੰਗ ਗਰਾਊਂਡ ਦੇ ਕੂੜੇ ਦਾ ਗੰਦਾ ਪਾਣੀ ਨਾਲ ਲੱਗਦੀ ਰਿਹਾਇਸ਼ੀ ਕਲੋਨੀ ਦੀਆਂ ਸੜਕਾਂ ’ਤੇ ਫੈਲਿਆ ਹੋਇਆ ਹੈ, ਉੱਥੇ ਹੀ ਅੱਜ ਨਗਰ ਨਿਗਮ ਦੇ ਕਰਮਚਾਰੀ ਪਾਣੀ ਦੇ ਪ੍ਰੈੱਸ਼ਰ ਨਾਲ ਉਨ੍ਹਾਂ ਸੜਕਾਂ ਨੂੰ ਧੌਂਦੇ ਦੇਖੇ ਗਏ। ਡੰਪਿੰਗ ਗਰਾਊਂਡ ਦੇ ਖਿਲਰੇ ਹੋਏ ਕੂੜੇ ਨੂੰ ਵੀ ਮਸ਼ੀਨਾਂ ਨਾਲ ਸਾਫ਼ ਕੀਤਾ ਜਾ ਰਿਹਾ ਸੀ। ਇਲਾਕਾ ਵਾਸੀਆਂ ਨੇ ਨਿਗਮ ਦੀ ਇਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਹੈ। ਡੱਡੂ ਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਅੱਜ ਪ੍ਰਸ਼ਾਸਕ ਦੇ ਦੌਰੇ ਕਾਰਨ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਡੱਡੂ ਮਾਜਰਾ ਦੀ ਸਫਾਈ ਵਿਵਸਥਾ ਨੂੰ ਲੈ ਕੇ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਇਲਾਕੇ ਦੀ ਸਫ਼ਾਈ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਝੂਠੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਫਾਈ ਵਿਵਸਥਾ ਪਹਿਲਾਂ ਹੁੰਦੀ ਤਾਂ ਇਲਾਕਾ ਨਿਵਾਸੀਆਂ ਨੂੰ ਡੰਪਿੰਗ ਗਰਾਊਂਡ ਵਿੱਚ ਕੂੜੇ ਦੀ ਬਦਬੂ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਸੀ।
ਪਾਰਕਾਂ ’ਚੋਂ ਰੋਜ਼ਾਨਾ ਕੂੜਾ ਚੁੱਕਣ ਲਈ ਨਿਜੀ ਏਜੰਸੀ ਨੂੰ ਕੀਤਾ ਸ਼ਾਮਲ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਪਾਰਕਾਂ ਅਤੇ ਗਰੀਨ ਬੈਲਟਾਂ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਬਰਕਰਾਰ ਰੱਖਣ ਲਈ ਇੱਕ ਅਹਿਮ ਕਦਮ ਚੁੱਕਦੇ ਹੋਏ ਇੱਕ ਨਿਜੀ ਏਜੰਸੀ ਨੂੰ ਸਵਾਵਾਂ ਦਿੱਤੀਆਂ ਹਨ। ਸ਼ਹਿਰ ਦੇ ਅਨੂਪ ਗੁਪਤਾ ਅਤੇ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਕੂੜਾ ਚੁੱਕਣ ਲਈ ਸ਼ੁਰੂ ਕੀਤੀ ਗਈ ਇਸ ਨਵੀਂ ਪ੍ਰਣਾਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੇਅਰ ਅਨੂਪ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਸ ਨਵੀਂ ਪ੍ਰਣਾਲੀ ਨੂੰ ਪਾਰਕਾਂ ਵਿੱਚ ਕੂੜੇਦਾਨਾਂ ਤੋਂ ਕੂੜਾ ਇਕੱਠਾ ਕਰਨ ਅਤੇ ਅੱਗੇ ਟ੍ਰਾਂਸਪੋਰਟ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਨਾਲ ਪਾਰਕਾਂ ਦੀ ਸਫਾਈ ਪ੍ਰਕਿਰਿਆ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਸ ਮੌਕੇ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਇਸ ਪਹਿਲਕਦਮੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਰਕਾਂ ਵਿੱਚ ਕੂੜਾ ਇਕੱਠਾ ਕਰਨ ਲਈ ਨਵੀਂ ਪ੍ਰਣਾਲੀ ਸ਼ਹਿਰ ਦੀਆਂ ਹਰੀਆਂ-ਭਰੀਆਂ ਥਾਵਾਂ ਦੀ ਸੁੰਦਰਤਾ ਅਤੇ ਸਾਫ਼-ਸਫ਼ਾਈ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨਾਗਰਿਕਾਂ ਨੂੰ ਵਾਤਾਵਰਨ ਦੀ ਬਿਹਤਰੀ ਲਈ ਕੂੜੇ ਦੇ ਢੇਰਾਂ ਦੀ ਵਰਤੋਂ ਕਰਨ ਅਤੇ ਕੂੜੇ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣ ਦੀ ਅਪੀਲ ਕੀਤੀ।