ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 25 ਜੁਲਾਈ
ਡੀਸੀ ਦਫ਼ਤਰ ਵਿੱਚ ਰੂਪਨਗਰ ਦੇ ਵਿਧਾਇਕ ਵੱਲੋਂ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਨਾਲ ਕੀਤੇ ਗਏ ਦੁਰਵਿਹਾਰ ਦੇ ਸਬੰਧ ਵਿੱਚ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ। ਯੂਨੀਅਨ ਆਗੂ ਨਿਰਮਲਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਵੱਲੋਂ ਕੀਤੀ ਗਈ ਬਦਸਲੂਕੀ ਖਿਲਾਫ਼ ਬੀਤੇ ਦਿਨ ਡੀ.ਸੀ. ਦਫ਼ਤਰ ਰੂਪਨਗਰ ਵਿੱਚ ਰੋਪੜ ਸਬ ਡਿਵੀਜ਼ਨ ਪੱਧਰੀ ਰੈਲੀ ਰੱਖੀ ਗਈ ਸੀ ਪਰ ਵਿਧਾਇਕ ਵੱਲੋਂ ਕੀਤੀ ਗਈ ਬਦਸਲੂਕੀ ਦੀ ਮੁਆਫ਼ੀ ਮੰਗਣ ਦੀ ਬਜਾਇ 50-60 ਵਾਲੰਟੀਅਰਾਂ ਰਾਹੀਂ ਮੁਲਾਜ਼ਮਾਂ ਖਿਲਾਫ ਕਰਾਸ ਧਰਨਾ ਲਾਇਆ ਗਿਆ। ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਤੁਰੰਤ ਸਖਤ ਐਕਸ਼ਨ ਲੈਂਦਿਆਂ ਪੰਜਾਬ ਭਰ ਦੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਵੱਲੋਂ ਦੋ ਦਿਨਾਂ ਦੀ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ’ਤੇ ਅਮਲ ਕਰਦਿਆਂ ਡੀ.ਸੀ. ਦਫ਼ਤਰ ਦਾ ਸਮੁੱਚਾ ਸਟਾਫ ਕਲਮਛੋੜ ਹੜਤਾਲ ’ਤੇ ਰਿਹਾ। ਇਸ ਮੌਕੇ ਰੇਸ਼ਮ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਨਿਰਮਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਰਮਚਾਰੀਆਂ ਨੂੰ ਲਾਮਬੰਦ ਕੀਤਾ ਗਿਆ।
ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਸੁੰਨ ਪਸਰੀ
ਏਲਨਾਬਾਦ (ਜਗਤਾਰ ਸਮਾਲਸਰ): ਕਲੈਰੀਕਲ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਹਰਿਆਣਾ ਦੇ ਬੈਨਰ ਹੇਠ ਪਿਛਲੇ 20 ਦਿਨਾਂ ਤੋਂਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਕਲਰਕਾਂ ਦੀ ਚੱਲ ਰਹੀ ਹੜਤਾਲ ਕਾਰਨ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮ-ਕਾਜ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਵੱਲੋਂ ਕਲਰਕਾਂ ਨੂੰ ਬੇਸਿਕ ਤਨਖ਼ਾਹ 19,900 ਰੁਪਏ ਦਿੱਤੀ ਜਾ ਰਹੀ ਹੈ ਜਿਸ ਨੂੰ ਵਧਾ ਕੇ 35,400 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਸੁਣਵਾਈ ਨਾ ਕੀਤੇ ਜਾਣ ਕਾਰਨ ਸਰਕਾਰੀ ਦਫ਼ਤਰਾਂ ਦੇ ਕਲਰਕ 5 ਜੁਲਾਈ ਤੋਂ ਹੜਤਾਲ ’ਤੇ ਹਨ। ਕਲਰਕਾਂ ਦੀ ਹੜਤਾਲ ਕਾਰਨ ਤਹਿਸੀਲ ਦਫ਼ਤਰ ਵਿੱਚ ਸੁੰਨ ਪਸਰੀ ਹੋਈ ਹੈ। ਤਹਿਸੀਲ ਦਫ਼ਤਰ ਦੇ ਬਾਹਰ ਕੰਮ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਕਲਰਕਾਂ ਦੇ ਹੜਤਾਲ ’ਤੇ ਜਾਣ ਕਾਰਨ ਉਨ੍ਹਾਂ ਦਾ ਕੰਮ-ਕਾਜ ਵੀ ਠੱਪ ਹੈ। ਲੋਕਾਂ ਅਤੇ ਦੁਕਾਨਦਾਰਾਂ ਨੇ ਇਸ ਮਸਲੇ ਦੇ ਜਲਦੀ ਹੱਲ ਦੀ ਮੰਗ ਕੀਤੀ ਹੈ। ਏਲਨਾਬਾਦ ਦੇ ਨਾਇਬ ਤਹਿਸੀਲਦਾਰ ਇਬਰਾਹੀਮ ਖਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਤਹਿਸੀਲ ਦਫ਼ਤਰ ਵਿੱਚ ਜਮ੍ਹਾਂਬੰਦੀ ਦੇ ਨਵੀਨੀਕਰਨ ਅਤੇ ਬਕਾਇਆ ਇੰਤਕਾਲਾਂ ਦੇ ਨਿਪਟਾਰੇ ਲਈ 18 ਪਿੰਡਾਂ ਦੀ ਰਜਿਸਟਰੀ ਬੰਦ ਸੀ ਪਰ ਹੁਣ 12 ਪਿੰਡਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਸਿਰਫ਼ 6 ਪਿੰਡਾਂ ਏਲਨਾਬਾਦ, ਮਿਠੁਨਪੁਰਾ, ਅੰਮ੍ਰਿਤਸਰ, ਮਹਿਣਾਖੇੜਾ, ਕੋਟਲੀ ਅਤੇ ਪੋਹੜਕਾ ਦੀ ਰਜਿਸਟਰੀ ਨਹੀਂ ਹੋ ਰਹੀ। ਹੁਣ ਕਲਰਕਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਠੱਪ ਹਨ।