ਪੱਤਰ ਪ੍ਰੇਰਕ
ਦੇਵੀਗੜ੍ਹ, 26 ਜੁਲਾਈ
ਕਿਸਾਨ ਯੂਨੀਅਨ ਨੇ ਪਿਛਲੇ ਦਿਨੀਂ ਦੇਵੀਗੜ੍ਹ ਇਲਾਕੇ ਵਿੱਚ ਟਾਂਗਰੀ ਨਦੀ ਦੇ ਪਾਣੀ ਕਾਰਨ ਕਿਸਾਨਾਂ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਅੱਜ ਟਾਂਗਰੀ ਨਦੀ ’ਚ ਪਏ ਪਾੜ੍ਹ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ 90 ਫੀਸਦੀ ਝੋਨੇ ਦੀ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪੰਜਾਬ ਸਰਕਾਰ ਇਨ੍ਹਾਂ ਖੇਤਰਾਂ ਦੀ ਛੇਤੀ ਤੋਂ ਛੇਤੀ ਗਿਰਦਾਵਰੀਆਂ ਕਰਵਾ ਕੇ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਬੂਟਾ ਸਿੰਘ ਸ਼ਾਦੀਪੁਰ ਨੇ ਅੱਗੇ ਕਿਹਾ ਕਿ ਟਾਂਗਰੀ ਨਦੀ ਵਿੱਚ ਪਏ ਚਾਰ ਪਾੜਾਂ ਕਾਰਨ ਫ਼ਸਲ ਤਬਾਹ ਹੋ ਗਈ ਹੈ ਅਤੇ ਹੁਣ ਕਿਸਾਨਾਂ ਨੂੰ 20-20 ਹਜ਼ਾਰ ਪ੍ਰਤੀ ਏਕੜ ਖਰਚ ਕੇ ਦੁਬਾਰਾ ਝੋਨਾ ਲਾਉਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਨਾ ਹੀ ਅਸਾਨੀ ਨਾਲ ਪਨੀਰੀ ਮਿਲ ਰਹੀ ਹੈ ਅਤੇ ਮਜ਼ਦੂਰ ਵੀ ਝੋਨਾ ਲਗਾਉਣ ਲਈ ਜਿਆਦਾ ਪੈਸੇ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੁਧਨ ਗੁਜਰਾਂ, ਲੇਹਲਾਂ, ਖਤੌਲੀ, ਰੌਹੜ ਜਾਗੀਰ, ਦੇਵੀਨਗਰ, ਰੁੜਕੀ ਸਕੱਤਰ, ਹਰੀਗੜ੍ਹ, ਅਦਾਲਤੀਵਾਲਾ, ਬ੍ਰਹਮਪੁਰ, ਚਪਰਾਹੜ ਆਦਿ ਪਿੰਡਾਂ ਵਿੱਚ ਟਾਂਗਰੀ ਨਦੀ ਵਿੱਚ ਚਾਰ ਪਾੜ ਪੈਣ ਕਾਰਨ ਹੜ੍ਹ ਦਾ ਪਾਣੀ ਆ ਗਿਆ ਸੀ ਜਿਸ ਨਾਲ ਇਨ੍ਹਾਂ ਪਿੰਡਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਦੇ ਨਾਲ ਨਾਲ ਬਲਵਿੰਦਰ ਸਿੰਘ ਲਾਹੌਰੀਆਂ, ਤਰਸੇਮ ਧੀਮਾਨ, ਅਮਰਜੀਤ ਸਿੰਘ ਖਤੌਲੀ, ਗੁਰਵੀਰ ਸਿੰਘ ਅਸਰਪੁਰ, ਦਿਲਬਾਗ ਸਿੰਘ ਤੇ ਲਾਲ ਸਿੰਘ ਆਦਿ ਹਾਜ਼ਰ ਸਨ।