ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਜੁਲਾਈ
ਗ੍ਰਾਮ ਪੰਚਾਇਤ ਪਿੰਡ ਅਦਲੀਵਾਲਾ ਬਲਾਕ ਹਰਸ਼ਾ ਛੀਨਾ ਵਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਲਈ ਬਣਾਈ ਗਈ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਮੰਗ ਪੱਤਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਪ੍ਰਤੀ ਕਾਫ਼ੀ ਗੰਭੀਰ ਹੈ ਅਤੇ ਜੋ ਵੀ ਪਿੰਡ ਵਾਸੀ ਨਸ਼ਿਆਂ ਵਿਰੁੱਧ ਮੈਦਾਨ ਵਿੱਚ ਨਿਤਰਨਗੇ ਉਨ੍ਹਾਂ ਦਾ ਹਰ ਤਰ੍ਹਾਂ ਸਾਥ ਦਿੱਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੇ ਬਾਬਾ ਬੀਰ ਸਿੰਘ ਜੀ ਨਸ਼ਾ ਮੁਕਤ ਅਦਲੀਵਾਲਾ ਦੇ ਨਾਮ ’ਤੇ ਇਕ 40 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਮਿਲ ਕੇ ਕਾਰਵਾਈ ਕਰੇਗੀ। ਉਨਾਂ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਅਪਰਾਧੀ ਦੀ ਜਮਨਾਤ ਨਹੀਂ ਦੇਵੇਗਾ। ਜੇਕਰ ਕੋਈ ਪਿੰਡ ਦਾ ਵਿਅਕਤੀ ਜਮਾਨਤ ਦਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਇਲਾਵਾ ਪਿੰਡ ਵਿੱਚ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਪਿੰਡ ਅਦਲੀਵਾਲਾ ਕੋਲੋਂ ਮੰਗ ਪੱਤਰ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇ ਹ ਇ ਕ ਚੰਗੀ ਪਹਿਲ ਹੈ ਕਿ ਪਿੰਡ ਵਾਸੀ ਹੁਣ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਾਮਬੰਦ ਹੋ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਪਿੰਡਾਂ ਦਾ ਪੂਰਨ ਸਹਿਯੋਗ ਕਰੇਗਾ। ਇਸ ਮੌਕੇ ਅਦਾਕਾਰਾ ਅਤੇ ਗਾਇਕਾ ਸੋਨੀਆ ਮਾਨ ਨੇ ਦੱਸਿਆ ਕਿ ਉਨ੍ਹਾ ਨੇ ਪੂਰੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਲਈ ਮਾਈ ਭਾਗੋ ਚੈਰਿਟੀ ਸੰਸਥਾ ਸ਼ੁਰੂ ਕੀਤੀ ਹੈ, ਜਿਸਦੀ ਸ਼ੁਰੂਆਤ ਪਿੰਡ ਅਦਲੀਵਾਲਾ ਤੋਂ ਕੀਤੀ ਗਈ ਹੈ। ਇਹ ਸੰਸਥਾ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ।