ਪੱਤਰ ਪ੍ਰੇਰਕ
ਜ਼ੀਰਾ, 29 ਜੁਲਾਈ
ਇਥੇ ਮਨੀਪੁਰ ਵਿਚ ਔਰਤਾਂ ਨਾਲ ਤਸ਼ੱਦਦ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਅਗਵਾਈ ਹੇਠ ਵੱਖ -ਵੱਖ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ ਮਾਰਚ ਘੰਟਾ ਘਰ ਮੁੱਖ ਚੌਂਕ ਜ਼ੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਡੀਐੱਸਪੀ ਦਫਤਰ ਜ਼ੀਰਾ ਜਾ ਕੇ ਸਮਾਪਤ ਹੋ ਗਿਆ। ਇਸ ਮੌਕੇ ਤਰਸੇਮ ਸਿੰਘ ਹਰਾਜ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਨਸੀਬ ਕੌਰ ਪ੍ਰਧਾਨ ਇਸਤਰੀ ਸਭਾ ਜ਼ੀਰਾ, ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਹਰਪ੍ਰੀਤ ਕੌਰ ਕ੍ਰਾਂਤੀਕਾਰੀ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਵੋਟਾਂ ਬਟੋਰਨ ਲਈ ‘ਬੇਟੀ ਪੜਾਓ, ਬੇਟੀ ਬਚਾਓ’ ਦਾ ਨਾਅਰਾ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਭਾਜਪਾ ਸਰਕਾਰ ਦੇ ਰਾਜ ‘ਚ ਦੇਸ਼ ਦੀਆਂ ਮਹਿਲਾਵਾਂ ਨਾਲ ਜਬਰ-ਜਨਾਹ ਅਤੇ ਕੁਕਰਮ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਧੱਕਾ ਕੀਤਾ ਜਾਂਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਨਿਖੇਧੀ
ਬਰਨਾਲਾ (ਖੇਤਰੀ ਪ੍ਰਤੀਨਿਧ): ਇੱਥੇ ਸਾਹਿਤ ਭਵਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋਈ। ਸੀ.ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੌਜੂਦਾ ਸਭਾ ਦੇ ਸੰਵਿਧਾਨ ਵਿੱਚ ਕੁਝ ਸੋਧਾਂ ਦੀ ਲੋੜ ਮਹਿਸੂਸ ਕਰਦਿਆਂ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸੋਧਾਂ ਸਬੰਧੀ 20 ਅਗਸਤ ਨੂੰ ਇੱਥੇ ਹੋ ਰਹੀ ਕਾਰਜਕਾਰਨੀ ਦੀ ਇੱਕਤਰਤਾ ਵਿਚ ਪੇਸ਼ ਕੀਤਾ ਜਾਵੇਗਾ। ਮੀਟਿੰਗ ‘ਚ ਇਕ ਵੱਖਰੇ ਮਤੇ ਰਾਹੀਂ ਮਨੀਪੁਰ ਵਿਚ ਕਥਿਤ ‘ਡਬਲ ਇੰਜਣ’ ਵਾਲੀ ਸਰਕਾਰ ਦੇ ਰਾਜ ’ਚ ਵਾਪਰੇ ਅਣਮਨੁੱਖੀ ਵਰਤਾਰੇ ਦੀ ਘੋਰ ਨਿੰਦਾ ਕੀਤੀ ਗਈ। ਉਨ੍ਹਾਂ ਇਸ ਮਾਮਲੇ ਵਿੱਚ ਸਖਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਜਗਰਾਜ ਧੌਲਾ ਅਤੇ ਗੁਲਜ਼ਾਰ ਸਿੰਘ ਸ਼ੋਂਕੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।